Delhi news: ਦਿੱਲੀ ਦੀ ਸਿੱਖ ਸਿਆਸਤ ਵਿਚ ਉਦੋਂ ਵੱਡਾ ਧਮਾਕਾ ਹੋਇਆ ਤੇ ਸਰਨਾ ਭਰਾਵਾਂ ਨੂੰ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਰਨਾ ਧੜੇ ਦੇ ਆਗੂ ਜਥੇਦਾਰ ਗੁਰਚਰਨ ਸਿੰਘ ਜੀ ਗੱਤਕਾ ਮਾਸਟਰ ਆਪਣੇ ਸੈਂਕੜੇ ਸਾਥੀਆਂ ਸਮੇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਐਮ ਪੀ ਐਸ ਚੱਢਾ ਦੀ ਹਾਜ਼ਰੀ ਵਿਚ ਸਰਨਾ ਧੜ ਕੇ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋ ਗਏ।


ਇਸ ਮੌਕੇ ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸਿੱਖ ਸਿਆਸਤ ਵਿਚ ਜਥੇਦਾਰ ਗੁਰਚਰਨ ਸਿੰਘ ਜੀ ਗੱਤਕਾ ਮਾਸਟਰ ਦੀ ਵੱਖਰੀ ਪਛਾਣ ਹੈ ਤੇ ਦਿੱਲੀ ਦਾ ਅਜਿਹਾ ਕੋਈ ਸਿੱਖ ਪਰਿਵਾਰ ਨਹੀਂ ਜੋ ਇਹਨਾਂ ਦੀ ਸ਼ਖਸੀਅਤ ਤੇ ਇਹਨਾਂ ਦੇ ਕੰਮਕਾਜ ਤੋਂ ਜਾਣੂ ਨਾ ਹੋਵੇ। ਉਹਨਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਨੇ ਸੈਂਕੜੇ ਹੀ ਨਹੀਂ ਬਲਕਿ ਹਜ਼ਾਰਾਂ ਨੌਜਵਾਨਾਂ ਨੂੰ ਗੱਤਕਾ ਸਿੱਖਾਇਆ ਹੈ ਤੇ ਜਦੋਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਹੈ, ਇਹ ਹਰ ਵਾਰ ਮੈਂਬਰ ਚੁਣੇ ਜਾ ਰਹੇ ਹਨ ਤੇ ਸਭ ਤੋਂ ਸੀਨੀਅਰ ਮੈਂਬਰਾਂ ਵਿਚ ਸ਼ਾਮਲ ਹਨ।


ਇਸ ਮੌਕੇ ਜਥੇਦਾਰ ਗੁਰਚਰਨ ਸਿੰਘ ਗੱਤਕਾ ਮਾਸਟਰ ਨੇ ਕਿਹਾ ਕਿ ਸਰਨਾ ਭਰਾ ਪਾਰਟੀ ਦਾ ਕੋਈ ਵੀ ਫੈਸਲਾ ਉਹਨਾਂ ਤੇ ਹੋਰ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਲੈ ਰਹੇ ਸਨ ਤੇ ਪਾਰਟੀ ਦੇ ਭਵਿੱਖ ਬਾਰੇ ਕੁਝ ਵੀ ਸਪਸ਼ਟ ਨਹੀਂ ਸੀ, ਜਿਸ ਕਾਰਨ ਉਹਨਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।


ਇਸ ਮੌਕੇ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਜੀ ਨੇ ਸਾਡੇ ਕਾਰਜਕਾਲ ਵਿਚ ਹੋਏ ਕੰਮਕਾਜ ਨੂੰ ਵੇਖਿਆ। ਇਹ ਆਪ ਵੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਸ਼ਖਸੀਅਤ ਹਨ। ਉਹਨਾਂ ਕਿਹਾ ਕਿ ਜਿਸ ਤਰੀਕੇ ਅਸੀਂ ਸੰਗਤਾਂ ਦੇ ਨਾਲ ਰਲ ਕੇ ਗੁਰੂ ਘਰਾਂ ਦੀਆਂ ਸੇਵਾਵਾਂ ਕਰ ਰਹੇ ਹਾਂ, ਇਸ ਲਈ ਇਹਨਾਂ ਨੇ ਸਾਡੀ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।


ਉਹਨਾਂ ਕਿਹਾ ਕਿ ਜਿਸ ਪਾਰਟੀ ਨਾਲ ਉਹ ਜੁੜੇ ਸਨ, ਉਸ ਪਾਰਟੀ ਲਈ ਥੰਮ ਬਣ ਕੇ ਕੰਮ ਕੀਤਾ। ਪਰ ਉਹਨਾਂ ਲੋਕਾਂ ਨੇ ਇਹਨਾਂ ਨੂੰ ਵਰਤਿਆ ਤੇ ਇਹ ਮਾਣ ਸਤਿਕਾਰ ਨਹੀਂ ਕੀਤਾ। ਜਿਸ ਕਾਰਨ ਇਹ ਸਰਨਾ ਭਰਾਵਾਂ ਨੂੰ ਅਲਵਿਦਾ ਕਹਿ ਕੇ ਸਾਡੇ ਵਿਚ ਸ਼ਾਮਲ ਹੋ ਰਹੇ ਹਨ।


ਇਸ ਮੌਕੇ ਪਾਰਟੀ ਪ੍ਰਧਾਨ ਐਮ ਪੀ ਐਸ ਚੱਢਾ ਨੇ ਜਥੇਦਾਰ ਗੁਰਚਰਨ ਸਿੰਘ ਗੱਤਕਾ ਮਾਸਟਰ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਹਨਾਂ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਅਸੀਂ ਇਸੇ ਤਰੀਕੇ ਮਿਲ ਕੇ ਬਹੁਤ ਤੇਜ਼ੀ ਨਾਲ ਇਸਨੂੰ ਅੱਗੇ ਲੈ ਕੇ ਆਵਾਂਗੇ।