ਚੰਡੀਗੜ੍ਹ: ਦਿੱਲੀ ਦੀ ਅਦਾਲਤ ਨੇ ਸ਼ਨੀਵਾਰ ਨੂੰ ਰਾਬਰਟ ਵਾਡਰਾ ਦੀ ਗ੍ਰਿਫ਼ਤਾਰੀ ’ਤੇ 19 ਮਾਰਚ ਤਕ ਰੋਕ ਲਾ ਦਿੱਤੀ ਹੈ। ਈਡੀ ਵੱਲੋਂ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਮਾਮਲੇ ’ਚ ਦਿੱਲੀ ਦੀ ਅਦਾਲਤ ਨੇ ਵਾਡਰਾ ਦੀ ਅੰਤਰਿਮ ਸੁਰੱਖਿਆ ਦੀ ਮਿਆਦ 19 ਮਾਰਚ ਤਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਨੂੰ ਰਾਹਤ ਦਿੱਤੀ।
ਇਹ ਮਾਮਲਾ ਲੰਡਨ ਦੇ 12 ਬਰਾਅਨਸਟਨ ਸਕੁਏਅਰ ਸਥਿਤ ਜਾਇਦਾਦ ਦੀ ਖਰੀਦ ਵਿੱਚ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਨਾਲ ਸਬੰਧਿਤ ਹੈ। ਇਸ ਬੰਗਲੇ ਨੂੰ ਕਥਿਤ ਤੌਰ 'ਤੇ 19 ਲੱਖ ਪੌਂਡ ਵਿੱਚ ਖਰੀਦਿਆ ਗਿਆ ਸੀ ਅਤੇ ਇਸ ’ਤੇ ਕਥਿਤ ਤੌਰ ’ਤੇ ਵਾਡਰਾ ਦੀ ਮਲਕੀਅਤ ਹੈ।
ਯਾਦ ਰਹੇ ਕਿ ਦਿੱਲੀ ਦੀ ਅਦਾਲਤ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਰਾਬਰਟ ਵਾਡਰਾ ਤੋਂ ਕੀਤੀ ਜਾ ਰਹੀ ਪੁੱਛਗਿੱਛ ’ਤੇ ਇਸ ਤੋਂ ਪਹਿਲਾਂ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਈਡੀ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ’ਤੇ ਰੋਕ ਲਾਉਣ ਦੇ ਨਿਰਦੇਸ਼ ਦੇਣ ਦੀ ਅਪੀਲ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਲਈ 2 ਮਾਰਚ ਦੀ ਅਗਲੀ ਤਾਰੀਖ਼ ਤੈਅ ਕੀਤੀ ਸੀ।