ਨਵੀਂ ਦਿੱਲੀ: ਦਿੱਲੀ ਵਿੱਚ ਚੱਲ ਰਹੇ ਬੁਲਡੋਜ਼ਰ ਦੀ ਕਾਰਵਾਈ ਨੂੰ ਲੈ ਕੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਸੀਐਮ ਨੇ ਕਿਹਾ, ਅਸੀਂ ਬੁਲਡੋਜ਼ਰ ਦੀ ਕਾਰਵਾਈ ਦੇ ਖਿਲਾਫ ਹਾਂ। ਨਾਜਾਇਜ਼ ਤੌਰ 'ਤੇ ਮਕਾਨਾਂ ਨੂੰ ਢਾਹਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ, 63 ਲੱਖ ਲੋਕਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾਇਆ ਜਾਵੇਗਾ ਤੇ ਇਹ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਤਬਾਹੀ ਹੋਵੇਗੀ।



ਭਾਜਪਾ 'ਤੇ ਹਮਲਾ ਕਰਦਿਆਂ ਸੀਐਮ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਕਿਹਾ ਸੀ ਕਿ ਕੱਚੀਆਂ ਕਲੋਨੀਆਂ ਦੇ ਲੋਕਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ। ਜਿੱਥੇ ਝੁੱਗੀ ਹੈ, ਉੱਥੇ ਮਕਾਨ ਬਣਾਏ ਜਾਣਗੇ। ਇਸ ਦੇ ਨਾਲ ਹੀ ਚੋਣਾਂ ਤੋਂ ਬਾਅਦ ਇਹ ਸਭ ਤੋੜਨ 'ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਬਜ਼ੇ ਦੇ ਖਿਲਾਫ ਹਾਂ। ਅਸੀਂ ਕਬਜੇ ਨਹੀਂ ਚਾਹੁੰਦੇ ਪਰ 63 ਲੱਖ ਲੋਕਾਂ ਦੇ ਘਰ ਉਜਾੜ ਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕੀ ਉਨ੍ਹਾਂ ਕੋਲ ਇੰਨੀ ਨੈਤਿਕ ਸ਼ਕਤੀ ਹੈ? - ਅਰਵਿੰਦ ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ 15 ਸਾਲਾਂ ਤੋਂ ਨਗਰ ਨਿਗਮ 'ਚ ਭਾਜਪਾ ਦਾ ਰਾਜ ਰਿਹਾ ਹੈ, ਜਿਸ ਦੌਰਾਨ ਉਨ੍ਹਾਂ ਨੇ ਖੁਦ ਕਈ ਇਮਾਰਤਾਂ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ। ਹੁਣ ਜਦੋਂ ਉਨ੍ਹਾਂ ਦਾ ਕਾਰਜਕਾਲ 18 ਤਰੀਕ ਨੂੰ ਪੂਰਾ ਹੋਣ ਜਾ ਰਿਹਾ ਹੈ ਤਾਂ ਕੀ ਉਨ੍ਹਾਂ ਕੋਲ ਇੰਨਾ ਵੱਡਾ ਫੈਸਲਾ ਲੈਣ ਦੀ ਨੈਤਿਕ ਸ਼ਕਤੀ ਹੈ? ਤੁਸੀਂ ਚੋਣਾਂ ਕਰਵਾਉਂਦੇ ਹੋ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੰਦੇ ਹਾਂ ਕਿ ਅਸੀਂ ਕਬਜ਼ਿਆਂ ਅਤੇ ਗੈਰ-ਕਾਨੂੰਨੀ ਢੰਗ ਨਾਲ ਬਣੀਆਂ ਇਮਾਰਤਾਂ ਦਾ ਹੱਲ ਕੱਢਾਂਗੇ।