ਦਿੱਲੀ ਦੇ ਉੱਤਰ ਪੱਛਮੀ ਜ਼ਿਲ੍ਹੇ ਦੇ ਮੁਕੰਦਪੁਰ ਇਲਾਕੇ ਵਿੱਚ ਪਾਣੀ ਭਰਨ ਕਾਰਨ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਦਿੱਲੀ ਪੁਲਿਸ ਮੁਤਾਬਕ ਤਿੰਨਾਂ ਬੱਚਿਆਂ ਦੀ ਮੌਕੇ 'ਤੇ ਹੀ ਡੁੱਬਣ ਕਾਰਨ ਮੌਤ ਹੋ ਗਈ ਜਦੋਂ ਉਹ ਮੀਂਹ ਤੋਂ ਬਾਅਦ ਇਕੱਠੇ ਹੋਏ ਪਾਣੀ 'ਚ ਨਹਾਉਣ ਗਏ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬੱਚਿਆਂ ਦੀ ਉਮਰ 12 ਤੋਂ 15 ਸਾਲ ਦੇ ਵਿਚਕਾਰ ਸੀ।


ਇਹ ਘਟਨਾ ਦੁਪਹਿਰ ਕਰੀਬ 3 ਵਜੇ ਵਾਪਰੀ। ਮੁਕੰਦਪੁਰ ਵਿੱਚ ਇੱਕ ਮੈਦਾਨ ਪਾਣੀ ਨਾਲ ਭਰਿਆ ਹੋਇਆ ਸੀ। ਇਹ ਪਿਛਲੇ ਦਿਨਾਂ ਦੀ ਬਾਰਿਸ਼ ਤੋਂ ਬਾਅਦ ਪੂਰਾ ਭਰ ਗਿਆ ਸੀ। ਇਸ ਵਿੱਚ ਤਿੰਨੇ ਬੱਚੇ ਨਹਾਉਣ ਗਏ ਹੋਏ ਸਨ। ਤਿੰਨੋਂ ਬੱਚੇ ਪਾਣੀ ਵਿੱਚ ਖੇਡਦੇ ਹੋਏ ਡੁੱਬ ਗਏ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਪਾਣੀ 'ਚ ਛਾਲ ਮਾਰ ਦਿੱਤੀ ਪਰ ਉਦੋਂ ਤੱਕ ਬੱਚਿਆਂ ਦੀ ਮੌਤ ਹੋ ਚੁੱਕੀ ਸੀ।


ਦੱਸ ਦਈਏ ਕਿ ਦਿੱਲੀ 'ਚ ਯਮੁਨਾ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਦੱਖਣ ਪੂਰਬੀ, ਕੇਂਦਰੀ ਦਿੱਲੀ, ਪੂਰਬੀ ਦਿੱਲੀ, ਉੱਤਰ ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਕੁੱਲ ਮਿਲਾ ਕੇ ਦਿੱਲੀ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਹੜ੍ਹਾਂ ਕਾਰਨ ਯਮੁਨਾ ਨਦੀ ਦੇ ਪਾਣੀ ਵਿਚ ਡੁੱਬੇ ਇਲਾਕਿਆਂ ਵਿਚ ਰਹਿਣ ਵਾਲੇ ਲੱਖਾਂ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਨ੍ਹਾਂ ਇਲਾਕਿਆਂ ਦੀਆਂ ਸੜਕਾਂ ’ਤੇ ਪਾਣੀ ਆ ਗਿਆ ਹੈ। ਪਾਣੀ ਭਰਨ ਅਤੇ ਆਵਾਜਾਈ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਗਈਆਂ ਹਨ।


ਇਨ੍ਹਾਂ ਇਲਾਕਿਆਂ ਵਿੱਚ ਟ੍ਰੈਫਿਕ ਦੀ ਸਮੱਸਿਆ 


ਦੂਜੇ ਪਾਸੇ ਆਈ.ਟੀ.ਓ ਸਮੇਤ ਫਿਰੋਜ਼ਸ਼ਾਹ ਕੋਟਲਾ ਕਿਲ੍ਹਾ, ਲੋਧੀ ਗਾਰਡਨ, ਰਾਜ ਘਾਟ, ਜੰਤਰ-ਮੰਤਰ, ਪੁਰਾਣਾ ਕਿਲ੍ਹਾ, ਲਾਲ ਕਿਲ੍ਹਾ, ਜਾਮਾ ਮਸਜਿਦ ਅਤੇ ਨੈਸ਼ਨਲ ਜ਼ੂਲੋਜੀਕਲ ਪਾਰਕ ਆਦਿ ਪ੍ਰਸਿੱਧ ਇਲਾਕਿਆਂ ਵਿੱਚ ਜਾਮ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਆਈ.ਟੀ.ਓ ਦੀ ਮੁੱਖ ਸੜਕ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :