ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਭੀਮਾ ਕੋਰੇਗਾਂਵ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਪੰਜ ਵਰਕਰਾਂ ਵਿੱਚ ਸ਼ਾਮਲ ਗੌਤਮ ਨਵਲਖਾ ਨੂੰ ਨਜ਼ਰਬੰਦੀ ਤੋਂ ਮੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਨਵਲਖਾ ਨੂੰ ਰਾਹਤ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਉਨ੍ਹਾਂ ਨੂੰ ਅਗਲੀ ਕਾਰਵਾਈ ਲਈ ਚਾਰ ਹਫ਼ਤਿਆਂ ਅੰਦਰ ਢੁਕਵੀਂ ਅਦਾਲਤ ਦਾ ਰੁਖ਼ ਅਖ਼ਤਿਆਰ ਕਰਨ ਦੀ ਛੋਟ ਦਿੱਤੀ ਸੀ, ਜਿਸ ਦਾ ਉਨ੍ਹਾਂ ਇਸਤੇਮਾਲ ਕੀਤਾ ਹੈ।

ਅਦਾਲਤ ਨੇ ਭੀਮਾ ਕੋਰੇਗਾਂਵ ਮਾਮਲੇ ਵਿੱਚ ਗ੍ਰਿਫ਼ਤਾਰ ਮਨੁੱਖੀ ਅਧਿਕਾਰ ਕਾਰਕੁਨ ਗੌਤਮ ਨਵਲਖਾ ਨੂੰ ਟਰਾਂਜਿਟ ਰਿਮਾਂਡ ਸੰਬਧੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਹੈ। ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਲੈ ਜਾਣ ਤੋਂ ਪਹਿਲਾਂ ਇਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਹਾਈਕੋਰਟ ਨੇ ਨਵਲਖਾ ਦੀ ਨਜ਼ਰਬੰਦੀ ਖ਼ਤਮ ਕਰ ਦਿੱਤੀ ਹੈ।

ਗੌਰਤਲਬ ਹੈ ਕਿ ਨਵਲਖਾ ਨੂੰ ਦਿੱਲੀ ਵਿੱਚ 28 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਕੀ ਚਾਰਾਂ ਨੂੰ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ 29 ਸਤੰਬਰ ਨੂੰ ਪੰਜਾਂ ਵਰਕਰਾਂ ਨੂੰ ਫੌਰੀ ਰਿਹਾਅ ਕਰਨ ਦੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਸੀ ਕਿ ਮੁਲਜ਼ਮ 4 ਹਫ਼ਤਿਆਂ ਤਕ ਨਜ਼ਰਬੰਦ ਰਹਿਣਗੇ। ਇਸ ਦੌਰਾਨ ਉਨ੍ਹਾਂ ਨੂੰ ਢੁਕਵੀਂ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਣ ਦੀ ਆਜ਼ਾਦੀ ਹੈ। ਢੁਕਵੀਂ ਅਦਾਲਤ ਮਾਮਲੇ ਦੇ ਗੁਣ ਦੋਸ਼ ’ਤੇ ਵਿਚਾਰ ਕਰ ਸਕਦੀ ਹੈ।