Delhi Service Bill Passed Rajya Sabha : ਦਿੱਲੀ ਸੇਵਾ ਬਿੱਲ ਸੋਮਵਾਰ (7 ਅਗਸਤ) ਨੂੰ ਰਾਜ ਸਭਾ ਵਿੱਚ ਪਾਸ ਹੋ ਗਿਆ। ਸਦਨ 'ਚ 'ਆਪ', ਕਾਂਗਰਸ ਤੋਂ ਇਲਾਵਾ ਵਿਰੋਧੀ ਧਿਰ ਇੰਡੀਆ ਦੇ ਸਾਰੇ ਦਲਾਂ ਨੇ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਿੱਲ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਜਿਸ ਨੂੰ ਬੀਜੂ ਜਨਤਾ ਦਲ (ਬੀਜੇਡੀ) ਅਤੇ ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਨੇ ਵੀ ਸਮਰਥਨ ਦਿੱਤਾ ਸੀ।


ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸਾਰੇ ਸੋਧ ਪ੍ਰਸਤਾਵ ਡਿੱਗ ਗਏ ਸੀ। ਬਿੱਲ 'ਤੇ ਚਰਚਾ ਦੌਰਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਅਮਿਤ ਸ਼ਾਹ ਨੇ ਰਾਜ ਸਭਾ 'ਚ ਕਿਹਾ ਕਿ ਇਸ ਬਿੱਲ ਦਾ ਮਕਸਦ ਦਿੱਲੀ 'ਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨੂੰ ਯਕੀਨੀ ਬਣਾਉਣਾ ਹੈ। ਬਿੱਲ ਦੇ ਇੱਕ ਵੀ ਪ੍ਰਸਤਾਵ ਤੋਂ ਪਹਿਲਾਂ ਜੋ ਵਿਵਸਥਾ ਸੀ ,ਉਸ ਵਿਵਸਥਾ ਵਿੱਚ ਇਕ ਇੰਚ ਵੀ ਬਦਲਾਅ ਨਹੀਂ ਹੋ ਰਿਹਾ ਹੈ।


 

ਸੁਪਰੀਮ ਕੋਰਟ ਦੇ ਹੁਕਮਾਂ ਦੀ ਕੋਈ ਉਲੰਘਣਾ ਨਹੀਂ

ਉਨ੍ਹਾਂ ਕਿਹਾ ਕਿ ਇਹ ਬਿੱਲ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰਦਾ ਹੈ। ਇਹ ਬਿੱਲ ਅਸੀਂ ਸ਼ਕਤੀ ਨੂੰ ਕੇਂਦਰ ਵਿੱਚ ਲਿਆਉਣ ਲਈ ਨਹੀਂ ਹੈ, ਸਗੋਂ ਕੇਂਦਰ ਨੂੰ ਸ਼ਕਤੀ 'ਤੇ ਦਿੱਲੀ ਯੂਟੀ ਦੀ ਸਰਕਾਰ ਕਬਜ਼ਾ ਕਰਦੀ ਹੈ ,ਇਸ ਨੂੰ ਕਾਨੂੰਨੀ ਤੌਰ 'ਤੇ ਰੋਕਣ ਲਈ ਇਹ ਬਿੱਲ ਲਿਆਂਦਾ ਗਿਆ ਹੈ। ਕਈ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਨੇ ਤਾਕਤ ਆਪਣੇ ਹੱਥਾਂ ਵਿੱਚ ਲੈਣੀ ਹੈ। ਸਾਨੂੰ ਤਾਕਤ ਲੈਣ ਦੀ ਲੋੜ ਨਹੀਂ ਕਿਉਂਕਿ 130 ਕਰੋੜ ਲੋਕਾਂ ਨੇ ਸਾਨੂੰ ਤਾਕਤ ਦਿੱਤੀ ਹੈ।

 

ਅਮਿਤ ਸ਼ਾਹ ਨੇ ਹੋਰ ਕੀ ਕਿਹਾ?

ਅਮਿਤ ਸ਼ਾਹ ਨੇ ਕਿਹਾ ਕਿ ਕਈ ਵਾਰ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ ਤਾਂ ਦਿੱਲੀ 'ਚ ਭਾਜਪਾ ਦੀ ਸਰਕਾਰ ਸੀ, ਕਈ ਵਾਰ ਕੇਂਦਰ 'ਚ ਭਾਜਪਾ ਅਤੇ ਦਿੱਲੀ 'ਚ ਕਾਂਗਰਸ ਦੀ ਸਰਕਾਰ ਸੀ, ਉਸ ਸਮੇਂ ਤਬਾਦਲੇ ਨੂੰ ਲੈ ਕੇ ਕਦੇ ਕੋਈ ਵਿਵਾਦ ਨਹੀਂ ਹੋਇਆ। ਉਸ ਸਮੇਂ ਇਸ ਪ੍ਰਣਾਲੀ ਰਾਹੀਂ ਫੈਸਲੇ ਹੁੰਦੇ ਸਨ ਅਤੇ ਕਿਸੇ ਵੀ ਮੁੱਖ ਮੰਤਰੀ ਨੂੰ ਕੋਈ ਸਮੱਸਿਆ ਨਹੀਂ ਸੀ।

 

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੀਤਾ ਵਿਰੋਧ 

ਸਦਨ 'ਚ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਭਾਜਪਾ ਦੀ ਪਹੁੰਚ ਕਿਸੇ ਵੀ ਤਰੀਕੇ ਨਾਲ ਕੰਟਰੋਲ ਕਰਨ ਦੀ ਹੈ। ਇਹ ਬਿੱਲ ਪੂਰੀ ਤਰ੍ਹਾਂ ਗੈਰ-ਸੰਵਿਧਾਨਕ ਹੈ, ਇਹ ਬੁਨਿਆਦੀ ਤੌਰ 'ਤੇ ਗੈਰ-ਜਮਹੂਰੀ ਹੈ ਅਤੇ ਇਹ ਖੇਤਰੀ ਆਵਾਜ਼ ਅਤੇ ਦਿੱਲੀ ਦੇ ਲੋਕਾਂ ਦੀਆਂ ਇੱਛਾਵਾਂ 'ਤੇ ਸਿੱਧਾ ਹਮਲਾ ਹੈ। ਇਹ ਵਿਧਾਨ ਸਭਾ ਅਧਾਰਤ ਲੋਕਤੰਤਰ ਦੇ ਸਾਰੇ ਮਾਡਲਾਂ ਦੀ ਉਲੰਘਣਾ ਕਰਦਾ ਹੈ। ਜਿਹੜੇ ਲੋਕ ਇਸ ਬਿੱਲ ਦਾ ਸਮਰਥਨ ਕਰ ਰਹੇ ਹਨ, ਕੱਲ੍ਹ ਨੂੰ ਤੁਹਾਡੇ ਰਾਜ ਵਿੱਚ ਵੀ ਅਜਿਹਾ ਹੀ ਪ੍ਰਯੋਗ ਕੀਤਾ ਜਾ ਸਕਦਾ ਹੈ।

 

ਆਪ' ਸੰਸਦ ਨੇ ਕੀ ਕਿਹਾ ?

ਬਿੱਲ ਦਾ ਵਿਰੋਧ ਕਰਦੇ ਹੋਏ 'ਆਪ' ਸੰਸਦ ਰਾਘਵ ਚੱਢਾ ਨੇ ਕਵੀ ਰਾਮਧਾਰੀ ਸਿੰਘ ਦਿਨਕਰ ਦੀ ਕਵਿਤਾ ਸੁਣਾਈ ਅਤੇ ਕਿਹਾ ਕਿ ਜਦੋਂ ਨਾਸ਼ ਮਨੁਜ 'ਤੇ ਛਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਵਿਵੇਕ ਮਰ ਜਾਂਦਾ ਹੈ। ਅੱਜ ਤੋਂ ਪਹਿਲਾਂ ਸ਼ਾਇਦ ਹੀ ਕੋਈ ਗੈਰ-ਸੰਵਿਧਾਨਕ, ਗੈਰ-ਕਾਨੂੰਨੀ ਕਾਗਜ਼ ਦਾ ਟੁਕੜਾ ਬਿੱਲ ਦੇ ਮਾਧਿਅਮ ਨਾਲ ਸਦਨ ਵਿੱਚ ਲਿਆਂਦਾ ਗਿਆ ਹੋਵੇਗਾ। ਅੱਜ ਭਾਜਪਾ ਨੇ ਦਿੱਲੀ ਨੂੰ ਪੂਰਨ ਰਾਜ ਬਣਾਉਣ ਲਈ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਜੀ ਦੀ 40 ਸਾਲਾਂ ਦੀ ਮਿਹਨਤ ਨੂੰ ਮਿੱਟੀ 'ਚ ਮਿਲਾ ਦਿੱਤਾ ਹੈ।

 

ਸਾਬਕਾ ਸੀਜੇਆਈ ਨੇ ਬਿੱਲ ਦਾ ਕੀਤਾ ਸਮਰਥਨ  


ਬਿੱਲ ਦਾ ਸਮਰਥਨ ਕਰਦੇ ਹੋਏ ਸੰਸਦ ਮੈਂਬਰ ਅਤੇ ਸਾਬਕਾ ਸੀਜੇਆਈ ਰੰਜਨ ਗੋਗੋਈ ਨੇ ਕਿਹਾ ਕਿ ਬਿੱਲ ਮੇਰੇ ਲਈ ਸਹੀ ਹੈ। ਕਿਸੇ ਲਈ ਗਲਤ ਹੋ ਸਕਦਾ ਹੈ।  ਇਹ ਕਹਿਣਾ ਗਲਤ ਹੈ ਕਿ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਬਾਰੇ ਸਦਨ ਵਿੱਚ ਬਿੱਲ ਨਹੀਂ ਆ ਸਕਦਾ।

 

ਮਹਿਲਾ ਸੰਸਦ ਮੈਂਬਰਾਂ ਨੇ ਕੀਤਾ ਵਾਕਆਊਟ  

 

ਰੰਜਨ ਗੋਗੋਈ ਦੇ ਭਾਸ਼ਣ ਦਾ ਵਿਰੋਧ ਕਰਦੇ ਹੋਏ ਚਾਰ ਮਹਿਲਾ ਸੰਸਦ ਮੈਂਬਰਾਂ ਨੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ। ਇਨ੍ਹਾਂ ਵਿੱਚ ਸਪਾ ਸੰਸਦ ਮੈਂਬਰ ਜਯਾ ਬੱਚਨ, ਸ਼ਿਵ ਸੈਨਾ (ਯੂਬੀਟੀ) ਦੀ ਪ੍ਰਿਅੰਕਾ ਚਤੁਰਵੇਦੀ, ਐਨਸੀਪੀ ਦੀ ਵੰਦਨਾ ਚਵਾਨ ਅਤੇ ਟੀਐਮਸੀ ਦੀ ਸੁਸ਼ਮਿਤਾ ਦੇਵ ਸ਼ਾਮਲ ਸਨ। ਗੋਗੇਈ ਨੂੰ ਆਪਣੇ ਕਾਰਜਕਾਲ ਦੌਰਾਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ।