ਨਵੀਂ ਦਿੱਲੀ: ਟੂਲਕਿੱਟ ਮਾਮਲੇ 'ਚ ਗ੍ਰਿਫਤਾਰ ਦਿਸ਼ਾ ਰਵੀ ਨੂੰ ਅਦਾਲਤ ਨੇ ਇਕ ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਵੈਸੇ ਪੁਲਿਸ ਨੇ ਤਾਂ ਪੰਜ ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ ਪਰ ਦਿਸ਼ਾ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ। ਅਦਾਲਤ 'ਚ ਸੁਣਵਾਈ ਦੌਰਾਨ ਪੁਲਿਸ ਦਾ ਕਹਿਣਾ ਸੀ ਕਿ ਮਾਮਲੇ 'ਚ ਸਹਿ ਮੁਲਜ਼ਮ ਨਿਕਿਤਾ ਤੇ ਸ਼ਾਂਤਨੂ ਅੱਜ ਹੀ ਪੁਲਿਸ ਸਾਹਮਣੇ ਪੇਸ਼ ਹੋਏ ਹਨ ਤੇ ਪੁਲਿਸ ਹਿਰਾਸਤ ਦੌਰਾਨ ਦਿਸ਼ਾ, ਨਿਕਿਤਾ ਤੇ ਸ਼ਾਂਤਨੂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਤਾਛ ਕੀਤੀ ਜਾਵੇਗੀ। ਜਿਸ ਨਾਲ ਦੇਸ਼ ਨੂੰ ਬਦਨਾਮ ਕਰਨ ਦੀ ਜੋ ਅੰਤਰ ਰਾਸ਼ਟਰੀ ਸਾਜ਼ਿਸ਼ ਰਚੀ ਗਈ ਸੀ ਉਸ ਦੀਆਂ ਪਰਤਾਂ ਖੋਲ੍ਹੀਆਂ ਜਾ ਸਕਣ।


ਪੁਲਿਸ ਨੇ ਕਿਹਾ ਕਿ ਦਿਸ਼ਾ ਰਵੀ ਦੀ ਗ੍ਰਿਫਤਾਰੀ ਦਾ ਅੱਜ ਅੱਠਵਾਂ ਦਿਨ ਹੈ ਤੇ ਕਾਨੂੰਨ ਦੇ ਹਿਸਾਬ ਨਾਲ ਅਜੇ ਦਿੱਲੀ ਪੁਲਿਸ 7 ਦਿਨ ਤਕ ਦੀ ਪੁਲਿਸ ਹਿਰਾਸਤ ਹੋਰ ਮੰਗ ਸਕਦੀ ਹੈ। ਹੁਣ ਇਸ ਮਾਮਲੇ 'ਚ ਦਿਸ਼ਾ ਦੇ ਦੋ ਹੋਰ ਸਹਿਯੋਗੀ ਨਿਕਿਤਾ ਤੇ ਸ਼ਾਂਤਨੂ ਪੁਲਿਸ ਦੇ ਸਾਹਮਣੇ ਹਾਜਰ ਹੋ ਗਏ ਹਨ। ਹਾਲਾਂਕਿ ਦੋਵਾਂ ਨੂੰ ਫਿਲਹਾਲ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੋਈ ਹੈ ਪਰ ਜਾਂਚ ਅੱਗੇ ਵਧਾਉਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਤਿੰਨਾਂ ਹੀ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾਕੇ ਪੁੱਛਗਿਛ ਕੀਤੀ ਜਾਵੇ।