ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਤਸਵੀਰ ਪਾਉਣ ਦੀ ਧਮਕੀ ਦੇ ਕੇ ਇੱਕ ਮਹਿਲਾ ਬੈਂਕ ਮੈਨੇਜਰ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਮਿਤ ਝਾਅ (26) ਵਜੋਂ ਹੋਈ ਹੈ ਜੋ ਨੋਇਡਾ ਸੈਕਟਰ-82 ਦਾ ਰਹਿਣ ਵਾਲਾ ਹੈ।


ਪੁਲਿਸ ਨੇ ਦੱਸਿਆ ਕਿ ਝਾਅ ਨੇ 100 ਤੋਂ ਵੱਧ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਦੋਸ਼ੀ ਉਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਅਕਾਊਂਟਸ ਤੋਂ ਡਾਊਨਲੋਡ ਕਰਦਾ ਸੀ ਤੇ ਫੋਟੋਆਂ ਨਾਲ ਛੇੜਛਾੜ ਕਰਦਾ ਸੀ। ਫਿਰ ਔਰਤਾਂ ਦੀਆਂ ਇਤਰਾਜ਼ਯੋਗ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੀ ਧਮਕੀ ਦੇ ਕੇ ਉਹ ਔਰਤਾਂ ਤੋਂ ਪੈਸੇ ਇਕੱਠੇ ਕਰਦਾ ਸੀ। ਇਸ ਤੋਂ ਪਹਿਲਾਂ 2018 ਵਿੱਚ ਉਸ ਨੂੰ ਛੱਤੀਸਗੜ੍ਹ ਤੇ ਨੋਇਡਾ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਪੁਲਿਸ ਮੁਤਾਬਕ ਪੀੜਤਾ ਇੱਕ ਨਿੱਜੀ ਬੈਂਕ ਵਿੱਚ ਮੈਨੇਜਰ ਹੈ ਤੇ ਮਾਲਵੀਆ ਨਗਰ, ਦਿੱਲੀ ਵਿੱਚ ਰਹਿੰਦੀ ਹੈ। ਉਸ ਨੇ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਦੋਸ਼ੀ ਉਸ ਨੂੰ ਪ੍ਰੇਸ਼ਾਨ ਕਰਦਾ ਸੀ ਤੇ ਉਸ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ। ਝਾਅ ਨੇ ਧਮਕੀ ਦਿੱਤੀ ਸੀ ਕਿ ਉਹ ਪੀੜਤਾ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੈਕ ਕਰੇਗਾ ਤੇ ਉਸ ਦੀ ਇਤਰਾਜ਼ਯੋਗ ਫੋਟੋ ਪੋਸਟ ਕਰੇਗਾ।

ਡਿਪਟੀ ਕਮਿਸ਼ਨਰ (ਦੱਖਣੀ) ਅਤੁੱਲ ਕੁਮਾਰ ਠਾਕੁਰ ਨੇ ਕਿਹਾ, "ਜਾਂਚ ਦੌਰਾਨ ਗੁਪਤ ਜਾਣਕਾਰੀ ਦੇ ਅਧਾਰ ’ਤੇ ਪੁਲੀਸ ਨੇ ਮੰਗਲਵਾਰ ਨੂੰ ਉਸਨੂੰ ਗ੍ਰਿਫ਼ਤਾਰ ਕੀਤਾ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904