ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਹੋਏ ਹੰਗਾਮੇ ਵਿੱਚ ਪੁਲਿਸ ਨੇ 25 ਮੁਲਜ਼ਮਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਦਿੱਲੀ ਕ੍ਰਾਈਮ ਬ੍ਰਾਂਚ ਨੇ 25 ਸ਼ੱਕੀ ਮੁਲਜ਼ਮਾਂ ਦੀ ਪਛਾਣ ਤਸਵੀਰਾਂ ਜ਼ਰੀਏ ਕੀਤੀ ਹੈ। 200 ਤੋਂ ਵੀ ਵੱਧ ਵੀਡੀਓ ਫੁਟੇਜ਼ ਦੇਖਣ ਮਗਰੋਂ ਫੌਰੈਂਸਿਕ ਮਾਹਰਾਂ ਦੀ ਮਦਦ ਨਾਲ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਇਸ ਵਿੱਚ ਦੀਪ ਸਿੱਧੂ ਦੀ ਤਸਵੀਰ ਵੀ ਸ਼ਾਮਲ ਹੈ।

ਦਰਅਸਲ, ਦਿੱਲੀ ਹਿੰਸਾ ਮਗਰੋਂ ਪੁਲਿਸ ਨੇ ਆਮ ਲੋਕਾਂ ਨੂੰ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਨ ਦੀ ਅਪੀਲ ਕੀਤੀ ਸੀ ਜਿਸ ਨਾਲ ਹਿੰਸਾ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਇਸ ਮਗਰੋਂ ਵੱਡੀ ਗਿਣਤੀ ਵਿੱਚ ਪੁਲਿਸ ਕੋਲ ਵੀਡੀਓ ਤੇ ਤਸਵੀਰਾਂ ਪਹੁੰਚੀਆਂ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਐਸਆਈਟੀ ਨੇ ਫੌਰੈਂਸਿਕ ਮਾਹਰਾਂ ਦੀ ਮਦਦ ਨਾਲ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਦੀ ਜਾਂਚ ਕੀਤੀ ਤੇ 25 ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਹੁਣ ਇਨ੍ਹਾਂ ਆਰੋਪੀਆਂ ਤੇ ਇਨ੍ਹਾਂ ਤਸਵੀਰਾਂ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਏਗੀ। ਪੁਲਿਸ ਨੇ ਇਸ ਹਿੰਸਾ ਵਿੱਚ ਸ਼ਾਮਲ ਦੀਪ ਸਿੱਧੂ ਸਮੇਤ ਚਾਰ ਹੋ ਲੋਕਾਂ ਤੇ ਇੱਕ-ਇੱਕ ਲੱਖ ਦਾ ਇਨਾਮ ਵੀ ਰੱਖਿਆ ਹੈ।