ਨਵੀਂ ਦਿੱਲੀ: ਅੱਜਕੱਲ੍ਹ ਮਾਪੇ ਆਪਣੇ ਬੱਚਿਆਂ ਦੀ ਹਰ ਜ਼ਾਇਜ-ਨਾਜਾਇਜ਼ ਜ਼ਿੱਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ‘ਚ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਹਨ। ਕੁਝ ਅਜਿਹਾ ਹੀ ਮਾਮਲਾ ਦਿੱਲੀ ਪੁਲਿਸ ਦੇ ਇੱਕ ਇੰਸਪੈਕਟਰ ਨਾਲ ਵੀ ਹੋਇਆ। ਇੰਸਪੈਕਟਰ ਨੇ ਆਪਣੀ ਧੀ ਦਾ ਦਿਲ ਰੱਖਣ ਲਈ ਆਪਣੀ ਸਰਵਿਸ ਪਿਸਤੌਲ ਨਾਲ ਕਈ ਰਾਉਂਡ ਫਾਇਰ ਕੀਤੇ। ਹੁਣ ਮਾਮਲੇ ‘ਚ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।



ਘਟਨਾ ਬਾਰੇ ਨਾਰਥ ਵੈਸਟ ਜ਼ਿਲ੍ਹੇ ਦੀ ਡੀਸੀਪੀ ਵਿਜਯੰਤਾ ਆਰੀਆ ਨੇ ਦੱਸਿਆ ਕਿ ਇਹ ਗੰਭੀਰ ਲਾਪ੍ਰਵਾਹੀ ਦਾ ਮਾਮਲਾ ਹੈ। ਉਨ੍ਹਾਂ ਕਿਹਾ, “ਮੈਂ ਵੀਡੀਓ ਵੇਖਿਆ ਹੈ। ਕੁਝ ਇਲਜ਼ਾਮ ਪਹਿਲੀ ਨਜ਼ਰ ‘ਚ ਹੀ ਸਾਬਤ ਹੋ ਜਾਂਦੇ ਹਨ। ਜਦਕਿ ਕੁਝ ਪਹਿਲੂਆਂ ਦੀ ਜਾਂਚ ਅਜੇ ਬਾਕੀ ਹੈ। ਇਸ ‘ਚ ਉੱਚ ਪੱਧਰੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਪੂਰਾ ਸੱਚ ਸਾਹਮਣੇ ਆ ਸਕੇ।”

ਡੀਸੀਪੀ ਨੇ ਕਿਹਾ, ਡਿਊਟੀ ‘ਚ ਲਾਪ੍ਰਵਾਹੀ ਮਿਲੀ, ਉਦੋਂ ਹੀ ਮੈਂ ਮੁਲਜ਼ਮ ਇੰਸਪੈਕਟਰ ਨੂੰ ਸਸਪੈਂਡ ਕਰ ਦਿਤਾ। ਮਾਮਲੇ ‘ਚ ਫਸਿਆ ਲਾਪ੍ਰਵਾਹ ਪੁਲਿਸ ਵਾਲਾ ਇੰਸਪੈਕਟਰ ਦੇ ਅਹੁਦੇ ‘ਤੇ ਤਾਇਨਾਤ ਸੀ। ਮੈਂ ਘਟਨਾ ਦੀ ਜਾਂਚ ਕਿਸੇ ਏਸੀਪੀ ਤੋਂ ਨਾ ਕਰਵਾ ਡੀਸੀਪੀ ਪੱਧਰ ਦੇ ਅਧਿਕਾਰੀ ਨੂੰ ਜਾਂਚ ਦਾ ਜਿੰਮਾ ਸੌਂਪਿਆ ਹੈ।”



ਦੱਸ ਦਈਏ ਕਿ ਵੀਡੀਓ ‘ਚ ਬਗੈਰ ਵਰਦੀ ਦੇ ਇੰਸਪੈਕਟਰ ਜ਼ਿਲ੍ਹਾ ਪੁਲਿਸ ਲਾਈਨ ‘ਚ ਸਰਕਾਰੀ ਹਥਿਆਰ ਨਾਲ ਆਪਣੀ ਧੀ ਨੂੰ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਕਰਵਾਉਂਦੇ ਨਜ਼ਰ ਆ ਰਿਹਾ ਹੈ। ਦਿੱਲੀ ਪੁਲਿਸ ਮੁੱਖ ਦਫਤਰ ਦੇ ਆਈਪੀਐਸ ਅਧਿਕਾਰੀ ਨੇ ਦੱਸਿਆ, “ਵੀਡੀਓ ‘ਚ ਸਭ ਕੁਝ ਸਾਫ਼ ਨਜ਼ਰ ਆ ਰਿਹਾ ਹੈ। ਜ਼ਿਲ੍ਹਾ ਪੁਲਿਸ ਲਾਈਨ ਦੀ ਸ਼ੂਟਿੰਗ ਰੇਂਜ ਸਾਫ਼ ਨਜ਼ਰ ਆ ਰਹੀ ਹੈ।”