ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਆਮ ਆਦਮੀ ਪਾਰਟੀ ਦੀ ਬਾਗੀ ਵਿਧਾਇਕਾ ਅਲਕਾ ਲਾਂਬਾ ਕਾਂਗਰਸ ਵਿੱਚ ਸ਼ਾਮਲ ਹੋ ਸਕਦੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਦੇ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਕਿਆਸ ਤੇਜ਼ ਹੋ ਗਏ ਹਨ। ਚਾਂਦਨੀ ਚੌਕ ਤੋਂ ਵਿਧਾਇਕਾ ਅਲਕਾ ਨੇ ਸੋਨੀਆ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਹਾਲਾਂਕਿ ਉਨ੍ਹਾਂ ਅਜੇ ਤੱਕ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਕੁਝ ਸਪਸ਼ਟ ਨਹੀਂ ਕੀਤਾ।
ਮੁਲਾਕਾਤ ਤੋਂ ਬਾਅਦ ਅਲਕਾ ਨੇ ਕਿਹਾ, 'ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਹੀ ਨਹੀਂ, ਬਲਕਿ ਯੂਪੀਏ ਦੀ ਮੁਖੀ ਤੇ ਧਰਮ ਨਿਰਪੱਖ ਵਿਚਾਰਧਾਰਾ ਦੀ ਵੱਡੀ ਆਗੂ ਵੀ ਹੈ।' ਉਨ੍ਹਾਂ ਕਿਹਾ ਕਿ ਦੇਸ਼ ਦੀ ਮੌਜੂਦਾ ਹਾਲਤ ਬਾਰੇ ਲੰਬੇ ਸਮੇਂ ਤੋਂ ਸੋਨੀਆ ਨਾਲ ਚਰਚਾ ਬਾਕੀ ਸੀ। ਅੱਜ ਮੌਕਾ ਮਿਲਿਆ ਤਾਂ ਉਨ੍ਹਾਂ ਨਾਲ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲਬਾਤ ਹੋਈ।
ਅਲਕਾ ਲਾਂਬਾ ਨੇ ਕਿਹਾ, 'ਰਾਜਨੀਤੀ ਵਿੱਚ ਚਰਚਾ ਦਾ ਦੌਰ ਚਲਦਾ ਰਹਿੰਦਾ ਹੈ ਤੇ ਇਹ ਚੱਲਦੇ ਰਹਿਣਾ ਚਾਹੀਦਾ ਹੈ।' ਅਲਕਾ ਦੀ ਸੋਨੀਆ ਨਾਲ ਮੁਲਾਕਾਤ ਤੋਂ ਬਾਅਦ ਕਿਆਸ ਅਰਾਈਆਂ ਹੋਰ ਤੇਜ਼ ਹੋ ਗਈਆਂ ਹਨ ਕਿ ਉਹ ਜਲਦੀ ਹੀ ਕਾਂਗਰਸ ਦਾ ਹਿੱਸਾ ਬਣ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਆਉਂਦੇ ਇੱਕ-ਦੋ ਦਿਨਾਂ ਅੰਦਰ ਕਾਂਗਰਸ ਜੁਆਇੰਨ ਕਰ ਸਕਦੀ ਹੈ।
ਦੱਸ ਦੇਈਏ ਪਿਛਲੇ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਨਾਲ ਨਾਰਾਜ਼ ਚੱਲ ਰਹੀ ਅਲਕਾ ਕਈ ਮੌਕਿਆਂ 'ਤੇ ਕਾਂਗਰਸ ਤੇ ਇਸ ਦੇ ਸੀਨੀਅਰ ਲੀਡਰਾਂ ਦੀ ਪ੍ਰਸ਼ੰਸਾ ਕਰ ਰਹੀ ਹੈ। ਉਹ ਪਹਿਲਾਂ ਵੀ ਐਨਐਸਯੂਆਈ ਤੇ ਕਾਂਗਰਸ ਵਿਚ ਰਹਿ ਚੁੱਕੀ ਹੈ।