ਮੁੰਬਈ: ਮਹਾਰਾਸ਼ਟਰ ਵਿੱਚ ਬੀਜੇਪੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ। ਇਸ ਤੋਂ ਬਾਅਦ ਫੜਨਵੀਸ ਨੇ ਕਿਹਾ ਕਿ ਜਨਤਾ ਨੇ ਮਹਾਗੱਠਜੋੜ ਦੀ ਚੋਣ ਕੀਤੀ ਹੈ। ਕਿਸੇ ਵੀ ਅਫਵਾਹ 'ਤੇ ਭਰੋਸਾ ਨਾ ਕਰੋ। ਉਨ੍ਹਾਂ ਕਿਹਾ ਕਿ ਸੂਬੇ ਵਿਚ ਗੱਠਜੋੜ ਦੀ ਸਰਕਾਰ ਬਣੇਗੀ।


ਉੱਧਰ ਸ਼ਿਵ ਸੈਨਾ ਵੀ ਢਾਈ ਸਾਲਾਂ ਲਈ ਆਪਣਾ ਮੁੱਖ ਮੰਤਰੀ ਬਣਾਉਣ 'ਤੇ ਅੜੀ ਹੈ। ਹਾਲਾਂਕਿ ਫੜਨਵੀਸ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਅਗਲੇ 5 ਸਾਲਾਂ ਤਕ ਉਹ ਮੁੱਖ ਮੰਤਰੀ ਬਣੇ ਰਹਿਣਗੇ। ਮੰਤਰੀ ਸੁਧੀਰ ਮੁਨਗੰਟੀਵਰ ਨੇ ਕਿਹਾ ਕਿ ਅਗਲੇ 2 ਦਿਨਾਂ ਵਿੱਚ ਸਭ ਸਾਫ ਹੋ ਜਾਏਗਾ ਤੇ 4 ਦਿਨਾਂ ਅੰਦਰ ਸਹੁੰ ਚੁੱਕੀ ਜਾਏਗੀ।


ਇਕ ਮਰਾਠੀ ਚੈਨਲ ਦੀ ਰਿਪੋਰਟ ਦੇ ਮੁਤਾਬਕ ਅਮਿਤ ਸ਼ਾਹ ਤੇ ਊਧਵ ਠਾਕਰੇ ਦਰਮਿਆਨ ਅੱਜ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵਿਚਾਰ ਵਟਾਂਦਰ ਹੋਣਾ ਸੀ, ਪਰ ਸ਼ਾਹ ਗੁਜਰਾਤ ਦੇ ਦੌਰੇ ‘ਤੇ ਹਨ। ਮੁੱਖ ਮੰਤਰੀ ਫੜਨਵੀਸ ਅਤੇ ਊਧਵ ਠਾਕਰੇ ਦਰਮਿਆਨ ਫੋਨ ਗੱਲਬਾਤ ਹੋਈ। ਦੋਵਾਂ ਨੇ ਬੈਠਕ ਕਰਕੇ ਜਲਦੀ ਹੀ ਹੱਲ ਲੱਭਣ ਲਈ ਸਹਿਮਤੀ ਜਤਾਈ ਹੈ। ਸ਼ਿਵ ਸੈਨਾ ਨੇ ਵੀਰਵਾਰ ਨੂੰ ਆਪਣੇ ਵਿਧਾਇਕਾਂ ਦੀ ਬੈਠਕ ਵੀ ਸੱਦੀ ਹੈ।