ਨਵੀਂ ਦਿੱਲੀ: ਕਰਨਾਟਕ ਚੋਣਾਂ ਤੋਂ ਬਾਅਦ ਪਹਿਲੀ ਪੈਟ੍ਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। 16 ਦਿਨ ਲਗਾਤਾਰ ਵਾਧੇ ਤੋਂ ਬਾਅਦ ਅੱਜ ਬੁੱਧਵਾਰ ਨੂੰ 17ਵੇਂ ਤੇਲ ਦੀਆਂ ਕੀਮਤਾਂ ਕੁਝ ਘਟੀਆਂ ਹਨ। ਪੈਟ੍ਰੋਲ ਦੀ ਕੀਮਤ ਵਿੱਚ 60 ਪੈਸੇ ਦੀ ਕਮੀ ਹੋਈ ਹੈ ਤੇ ਉੱਥੇ ਹੀ ਡੀਜ਼ਲ ਦਾ ਭਾਅ 56 ਪੈਸੇ ਫ਼ੀ ਲੀਟਰ ਘਟਿਆ ਹੈ।

 

ਬੀਤੇ 16 ਦਿਨਾਂ ਵਿੱਚ ਪੈਟ੍ਰੋਲ ਦੀ ਕੀਮਤ ਵਿੱਚ ਤਿੰਨ ਰੁਪਏ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਣ ਨਾਲ ਭਾਰਤ ਵਿੱਚ ਵੀ ਪੈਟ੍ਰੌਲ ਤੇ ਡੀਜ਼ਲ ਸਸਤੇ ਹੋਏ ਹਨ। ਹਾਲਾਂਕਿ, ਇਸ ਕਮੀ ਨੂੰ ਵਾਧੇ ਦੇ ਮੁਕਾਬਲੇ ਨਿਗੂਣਾ ਹੀ ਕਿਹਾ ਜਾ ਸਕਦਾ ਹੈ, ਪਰ ਦੋ ਹਫ਼ਤਿਆਂ ਤੋਂ ਨਿੱਤ ਵਧ ਰਹੀਆਂ ਕੀਮਤਾਂ ਨੂੰ ਨੱਥ ਜ਼ਰੂਰ ਪਈ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈਬਸਾਈਟ ਮੁਤਾਬਕ ਦਿੱਲੀ ਵਿੱਚ ਅੱਜ ਪੈਟ੍ਰੋਲ ਦੀ ਕੀਮਤ 77.83 ਰੁਪਏ ਫ਼ੀ ਲੀਟਰ, ਕੋਲਕਾਤਾ ਵਿੱਚ 80.47 ਰੁਪਏ, ਮੁੰਬਈ ਵਿੱਚ 85.65 ਰੁਪਏ ਤੇ ਚੇਨੰਈ ਵਿੱਚ 80.80 ਰੁਪਏ ਪ੍ਰਤੀ ਲੀਟਰ ਹੋ ਗਈ ਹੈ।