ਮਹਿਤਾਬ-ਉਦ-ਦੀਨ
ਚੰਡੀਗੜ੍ਹ: ਰੋਜ਼ੀ-ਰੋਟੀ ਦੀ ਭਾਲ਼ ’ਚ ਭਾਰਤੀ ਸਭ ਤੋਂ ਵੱਧ ਅਰਬ ਦੇਸ਼ਾਂ ’ਚ ਜਾਂਦੇ ਹਨ। ਇਨ੍ਹਾਂ ਦੇਸ਼ਾਂ ’ਚ ਹੁਣ ਤੱਕ ਘੱਟ ਪੜ੍ਹੇ-ਲਿਖੇ ਤੇ ਗ਼ੈਰ-ਹੁਨਰਮੰਦ ਕਾਮੇ ਵੀ ਹਰ ਹਾਲਤ ’ਚ ਰੁਜ਼ਗਾਰ ਹਾਸਲ ਕਰਦੇ ਰਹੇ ਹਨ ਪਰ ਹੁਣ ਜਦੋਂ ਸਊਦੀ ਅਰਬ ਨੇ ਕਿਰਤ ਸੁਧਾਰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ, ਤਾਂ ਅਰਬ ਦੇਸ਼ਾਂ ’ਚ ਜਾ ਕੇ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਲਈ ਵੱਡੀ ਚਿੰਤਾ ਖੜ੍ਹੀ ਹੋ ਗਈ ਹੈ।
ਦਰਅਸਲ, ਹੁਣ ਸਊਦੀ ਅਰਬ ਨੇ ਜਿਹੜੀ ਨਵੀਂ ‘ਕਿਰਤ ਸੁਧਾਰ ਪਹਿਲਕਦਮੀ’ (LRI ਲੇਬਰ ਰਿਫ਼ਾਰਮਜ਼ ਇਨੀਸ਼ੀਏਟਿਵ) ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ, ਉਸ ਕਰਕੇ ਹੁਣ ਸਊਦੀ ਅਰਬ ਜਾਣ ਵਾਲੇ ਭਾਰਤੀ ਕਾਮਿਆਂ ਦੀ ਗਿਣਤੀ ਵੱਡੇ ਪੱਧਰ ਉੱਤੇ ਘਟ ਸਕਦੀ ਹੈ।
ਇਸ ਪਹਿਲਕਦਮੀ ਅਧੀਨ ਹੁਣ ਸਊਦੀ ਅਰਬ ਦੇ ਸਰਕਾਰੀ ਤੇ ਨਿਜੀ ਅਦਾਰੇ ਹਰੇਕ ਪ੍ਰਵਾਸੀ ਕਰਮਚਾਰੀ ਦੇ ਹੁਨਰ ਦੀ ਪਰਖ ਬਾਕਾਇਦਾ ਉਸ ਦੀ ਪ੍ਰੀਖਿਆ ਲੈ ਕੇ ਕਰਿਆ ਕਰਨਗੇ। ਉਸ ਪ੍ਰੀਖਿਆ ਤੋਂ ਬਾਅਦ ਹੀ ਉਨ੍ਹਾਂ ਦੀ ਭਰਤੀ ਹੋਇਆ ਕਰੇਗੀ। ਇੰਝ ਹੁਣ ਭਾਰਤ ਤੋਂ ਗ਼ੈਰ-ਹੁਨਰਮੰਦ ਕਾਮਿਆਂ ਦਾ ਸਊਦੀ ਅਰਬ ਜਾਣਾ ਲਗਪਗ ਅਸੰਭਵ ਹੋ ਜਾਵੇਗਾ।
ਹੁਣ ਤੱਕ ਭਾਰਤ ਦੇ ਗ਼ੈਰ-ਹੁਨਰਮੰਦ ਕਾਮੇ ਸਭ ਤੋਂ ਵੱਧ ਅਰਬ ਦੇਸ਼ਾਂ, ਖ਼ਾਸ ਕਰ ਕੇ ਸਊਦੀ ਅਰਬ ’ਚ ਹੀ ਸੈਟਲ ਹੋਣਾ ਪਸੰਦ ਕਰਦੇ ਰਹੇ ਹਨ। ਦੱਖਣੀ ਭਾਰਤ ਦੇ ਸੂਬਿਆਂ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਤੇ ਕੇਰਲ ਜਿਹੇ ਸੂਬਿਆਂ ਦੇ ਜ਼ਿਆਦਾਤਰ ਕਾਮੇ ਇਨ੍ਹਾਂ ਹੀ ਮੁਲਕਾਂ ’ਚ ਜਾਣਾ ਪਸੰਦ ਕਰਦੇ ਰਹੇ ਹਨ। ਹੁਣ ਨਵੇਂ ਕਾਨੂੰਨ ਮੁਤਾਬਕ ਸਊਦੀ ਅਰਬ ਦੀ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜਿਸ ਖ਼ਾਸ ਕੰਮ ਲਈ ਪ੍ਰਵਾਸੀ ਕਾਮੇ ਦੀ ਭਰਤੀ ਕੀਤੀ ਜਾਵੇਗੀ, ਉਸ ਲਈ ਪਹਿਲਾਂ ਉਸ ਦਾ ਸਬੰਧਤ ਟੈਸਟ ਲਿਆ ਜਾਇਆ ਕਰੇਗਾ।
ਇਹ ਪ੍ਰੀਖਿਆ ਇੱਕ ਵਾਰ ਨਹੀਂ ਦੋ ਵਾਰ ਲਈ ਜਾਇਆ ਕਰੇਗੀ- ਇੱਕ ਵਾਰ ਥਿਓਰੀ ਦੀ (ਸਿਧਾਂਤਕ) ਪ੍ਰੀਖਿਆ ਤੇ ਦੂਜੀ ਵਾਰ ਪ੍ਰੈਕਟੀਕਲ ਦੀ (ਵਿਵਹਾਰਕ)। ਇਸ ਨਵੇਂ ਕਾਨੂੰਨ ਦਾ ਅਸਰ 23 ਖੇਤਰਾਂ ਦੇ 1,000 ਤੋਂ ਵੱਧ ਕਿੱਤਿਆਂ ਉੱਤੇ ਪਵੇਗਾ। ‘ਤੇਲੰਗਾਨਾ ਟੂਡੇ’ ਵੱਲੋਂ ਪ੍ਰਕਾਸ਼ਿਤ ਇਰਫ਼ਾਨ ਮੁਹੰਮਦ ਦੀ ਰਿਪੋਰਟ ਅਨੁਸਾਰ ਇਹ ਨਵੇਂ ਹੁਕਮ ਹੌਲੀ-ਹੌਲੀ ਸਊਦੀ ਅਰਬ ਦੀਆਂ ਸਾਰੀਆਂ ਫ਼ਰਮਾਂ ਉੱਤੇ ਲਾਗੂ ਹੋਣਗੇ।
ਇਸ ਪ੍ਰੋਗਰਾਮ ਕਾਰਣ ਸਊਦੀ ਅਰਬ ’ਚ ਯੋਗ ਪ੍ਰਵਾਸੀ ਬਿਨੈਕਾਰਾਂ ਦੀ ਗਿਣਤੀ ਕਾਫ਼ੀ ਹੱਦ ਤੱਕ ਸੀਮਤ ਹੋ ਕੇ ਰਹਿ ਜਾਵੇਗੀ। ਸਊਦੀ ਅਰਬ ’ਚ ਪ੍ਰੀਖਿਆ ਦਾ ਮਾਧਿਅਮ ਉਂਝ ਭਾਵੇਂ ਅੰਗਰੇਜ਼ੀ ਤੇ ਅਰਬੀ ਭਾਸ਼ਾਵਾਂ ’ਚ ਹੁੰਦਾ ਹੈ ਪਰ ਭਾਰਤੀਆਂ ਨੂੰ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਤੇ ਉਰਦੂ ਭਾਸ਼ਾਵਾਂ ’ਚ ਵੀ ਇਹ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਰ ਕਿਸੇ ਭਾਰਤੀ ਭਾਸ਼ਾ ਵਿੱਚ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਹੈ।
ਇੱਕ ਉਮੀਦਵਾਰ ਤਿੰਨ ਵਾਰ ਪ੍ਰੀਖਿਆ ਦੇ ਸਕੇਗਾ। ਉਸ ਵਿੱਚ ਪਾਸ ਹੋਣ ਤੋਂ ਬਾਅਦ ਹੀ ਉਹ ਸਊਦੀ ਅਰਬ ’ਚ ਨੌਕਰੀ ਲਈ ਯੋਗ ਹੋਵੇਗਾ। ਸਊਦੀ ਅਰਬ ’ਚ ਪਹਿਲਾਂ ਤੋਂ ਕੰਮ ਕਰ ਰਹੇ ਕਾਮਿਆਂ ਨੂੰ ਵੀ ਇਹ ਪ੍ਰੀਖਿਆ ਦੇਣੀ ਹੋਵੇਗੀ ਤੇ ਜੇ ਉਨ੍ਹਾਂ ’ਚੋਂ ਕੋਈ ਫ਼ੇਲ੍ਹ ਹੋ ਗਿਆ, ਤਾਂ ਉਸ ਨੂੰ ਸਊਦੀ ਅਰਬ ਛੱਡ ਕੇ ਭਾਰਤ ਜਾਂ ਆਪਣੇ ਸਬੰਧਤ ਦੇਸ਼ ਪਰਤ ਜਾਣਾ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :