ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਯੂਥ ਕਾਂਗਰਸ ਦੇ ਇੱਕ ਮੀਮ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਹਰ ਪਾਸੇ ਬਵਾਲ ਮੱਚਿਆ ਹੋਇਆ ਹੈ। ਵਿਵਾਦ ਮਗਰੋਂ ਕਾਂਗਰਸ ਬੈਕਫੁਟ 'ਤੇ ਹੈ। ਉਧਰ, ਭਾਜਪਾ ਪ੍ਰਧਾਨ ਮੰਤਰੀ ਮੋਦੀ ਦਾ ਮਜ਼ਾਕ ਉਡਾਉਣ ਦਾ ਬਦਲਾ ਚੋਣਾਂ ਦੇ ਮੈਦਾਨ ਵਿੱਚ ਲੈਣ ਦੀ ਗੱਲ ਕਹਿ ਰਹੀ ਹੈ। ਦੇਖਿਆ ਜਾਵੇ ਤਾਂ ਅੱਜਕਲ੍ਹ ਮਜ਼ਾਕ ਦੇ ਰੂਪ ਵਿੱਚ "ਮੀਮ" ਦੀ ਵਰਤੋਂ ਖੁੱਲ੍ਹ ਕੇ ਕੀਤੀ ਜਾ ਰਹੀ ਹੈ। ਇਸ ਦੇ ਜ਼ਰੀਏ ਕਿਸੇ ਵੀ ਤਸਵੀਰ ਜਾਂ ਲੇਖ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਅੱਜਕੱਲ੍ਹ ਮੀਮ ਦੀ ਮਸ਼ਹੂਰੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਚੁੱਕਾ ਹੈ। ਇਸ ਦੇ ਵਾਇਰਲ ਹੋਣ ਦੇ ਸਭ ਤੋਂ ਵੱਡੇ ਸ਼ਿਕਾਰ ਪ੍ਰਧਾਨ ਮੰਤਰੀ ਮੋਦੀ ਹੋਏ ਹਨ।

ਕੀ ਹੈ ਮੀਮ (MEME)?

'ਮੀਮ' ਸ਼ਬਦ ਪ੍ਰਾਚੀਨ ਯੂਨਾਨੀ ਸ਼ਬਦ 'ਮੀਮੇਮਾ' ਦਾ ਸੰਖੇਪ ਰੂਪ ਹੈ ਜਿਸ ਦਾ ਹਿੰਦੀ ਵਿੱਚ ਅਰਥ ਹੁੰਦਾ ਹੈ ਨਕਲ ਕਰਨਾ ਜਾਂ ਨਕਲ ਉਤਾਰਣਾ। ਬਾਕੀ ਹੋਰ ਅਰਥਾਂ ਦੀ ਗੱਲ ਕੀਤੀ ਜਾਵੇ ਤਾਂ 'ਮੀਮ' ਇੱਕ ਵਿਚਾਰ, ਵਿਹਾਰ ਜਾਂ ਸ਼ੈਲੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਵਿਚਾਰਾਂ ਤੇ ਮਾਨਤਾਵਾਂ ਦੀ ਜਾਣਕਾਰੀ ਨੂੰ ਪਹੁੰਚਾਉਣ ਦਾ ਕੰਮ ਕਰਦਾ ਹੈ ਪਰ ਅੱਜਕੱਲ੍ਹ ਮੀਮ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਸਵੀਰ ਜਾਂ ਲੇਖ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਨ ਦਾ ਤਰੀਕਾ ਬਣ ਗਿਆ ਹੈ।

ਇੰਟਰਨੈਟ ਤੋਂ ਮਿਲੀ ਜਾਣਕਾਰੀ ਮੁਤਾਬਕ 'ਮੀਮ' ਦੀ ਪਹਿਲੀ ਵਾਰ ਵਰਤੋਂ ਕਰਨ ਵਾਲੇ ਬ੍ਰਿਟਿਸ਼ ਵਿਕਾਸਵਾਦੀ ਜੀਵ ਵਿਗਿਆਨੀ 'ਰਿਚਰਡ ਡੰਕਿਸ' ਸਨ। ਉਨ੍ਹਾਂ ਨੇ 1976 ਵਿੱਚ ਆਪਣੀ ਕਿਤਾਬ 'ਦ ਸੈਲਫ਼ਿਸ਼ ਜੀਨ' ਵਿੱਚ ਇਸ ਦੀ ਵਰਤੋਂ ਕੀਤੀ ਸੀ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕਾਂਗਰਸ ਦੀ ਨੌਜਵਾਨ ਇਕਾਈ "ਯੂਥ ਕਾਂਗਰਸ" ਦੀ ਆਨਲਾਈਨ ਮੈਗਜ਼ੀਨ ਦੇ ਟਵਿਟਰ ਹੈਂਡਲ "ਯੁਵਾ ਦੇਸ਼" ਵੱਲੋਂ ਇੱਕ ਤਸਵੀਰ ਪੋਸਟ ਕੀਤੀ ਗਈ ਜਿਸ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਯੂਥ ਕਾਂਗਰਸ ਨੇ ਆਪਣੇ ਇਸ ਟਵੀਟ ਨੂੰ ਡਿਲੀਟ ਵੀ ਕਰ ਦਿੱਤਾ ਹੈ। ਦਰਅਸਲ ਯੂਥ ਕਾਂਗਰਸ ਨੇ ਜੋ ਵਿਵਾਦਤ ਤਸਵੀਰ ਟਵੀਟ ਕੀਤੀ ਸੀ, ਉਸ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਮਜ਼ਾਕ ਉਡਾਇਆ ਗਿਆ ਸੀ।