ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਖ਼ਤਰਨਾਕ ਪੱਧਰ 'ਤੇ ਫੈਲ ਰਹੀ ਹੈ। ਜਿੱਥੇ ਇੱਕ ਪਾਸੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਡਾਕਟਰ ਤੇ ਕਈ ਸੇਵਾ ਸੰਸਥਾਵਾਂ ਜੀਅ-ਜਾਨ ਨਾਲ ਲੱਗੇ ਹੋਏ ਹਨ, ਉੱਥੇ ਹੀ ਕਈ ਇਸ ਮੁਸ਼ਕਿਲ ਦੌਰ ਨੂੰ ਮੌਕਾ ਸਮਝ ਕੇ ਨੋਟ ਛਾਪਣ ਵਿੱਚ ਲੱਗੇ ਹੋਏ ਹਨ। ਆਕਸੀਜਨ ਅਤੇ ਕੋਰੋਨਾ ਦੇ ਇਲਾਜ ਵਿੱਚ ਸਹਾਈ ਦਵਾਈਆਂ ਦੀ ਕਾਲਾਬਾਜ਼ਾਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦਿੱਲੀ ਪੁਲਿਸ ਨੇ ਅਜਿਹੇ ਹੀ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਰੇਮਡੇਸਿਵਰ ਦੀ ਕਾਲਾਬਾਜ਼ਾਰੀ ਕਰ ਰਿਹਾ ਸੀ। ਇਸੇ ਤਰ੍ਹਾਂ ਹਰਿਆਣਾ ਪੁਲਿਸ ਨੇ ਚੰਡੀਗੜ੍ਹ ਵਿੱਚ ਕਾਲਾਬਾਜ਼ਾਰੀ ਕਰਨ ਦੇ ਇਲਜ਼ਾਮ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 


ਡਾਕਟਰ ਤੇ ਪ੍ਰਯੋਗਸ਼ਾਲਾ ਸਹਾਇਕ ਗ੍ਰਿਫ਼ਤਾਰ


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਦੇ ਆਧਾਰ 'ਤੇ ਨਾਰਕੋਟਿਸ ਵਿਭਾਗ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ ਡਾਕਟਰ ਤੇ ਪ੍ਰਯੋਗਸ਼ਾਲਾ ਵਿੱਚ ਕੰਮ ਕਰਨ ਵਾਲੇ ਤਕਨੀਕੀ ਮਾਹਰ ਸ਼ਾਮਲ ਹਨ। ਪੁਲਿਸ ਮੁਤਾਬਕ ਡਾਕਟਰ ਦੀ ਸ਼ਨਾਖ਼ਤ 32 ਸਾਲਾ ਵਿਸ਼ਣੂੰ ਅਗਰਵਾਲ ਅਤੇ 22 ਸਾਲਾ ਲੈਬੋਰੇਟਰੀ ਟੈਕਨੀਸ਼ੀਅਨ ਨਿਖਿਲ ਗਰਗ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੋਵਾਂ ਕੋਲੋਂ ਅੱਠ ਟੀਕੇ ਬਰਾਮਦ ਕੀਤੇ ਹਨ, ਜਿਸ ਨੂੰ ਮੁਲਜ਼ਮ 45,000 ਰੁਪਏ ਦੇ ਹਿਸਾਬ ਨਾਲ ਵੇਚ ਰਹੇ ਸਨ।


ਚੰਡੀਗੜ੍ਹ ਦੇ ਗਰੋਹ ਦਾ ਵੀ ਪਰਦਾਫਾਸ਼


ਇਸੇ ਦਰਮਿਆਨ ਚੰਡੀਗੜ੍ਹ ਵਿੱਚ ਵੀ ਰੇਮਡੇਸਿਵਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਹੈ। ਹਰਿਆਣਾ ਪੁਲਿਸ ਨੇ ਪਾਨੀਪਤ ਜ਼ਿਲ੍ਹੇ ਨਾਲ ਸਬੰਧਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਵਿੱਚੋਂ ਇੱਕ ਲੈਬੋਰੇਟਰੀ ਵਿੱਚ ਤਕਨੀਕੀ ਸਹਾਇਕ ਹੈ ਅਤੇ ਦੂਜਾ ਹਸਪਤਾਲ ਵਿੱਚ ਦਵਾਈਆਂ ਦੀ ਦੁਕਾਨ ਚਲਾਉਂਦਾ ਹੈ। ਦੋਵੇਂ ਜਣੇ 20-20 ਹਜ਼ਾਰ ਦੇ ਹਿਸਾਬ ਨਾਲ ਰੇਮਡੇਸਿਵਰ ਦੇ ਟੀਕੇ ਵੇਚ ਰਹੇ ਸਨ ਅਤੇ ਹੁਣ ਤੱਕ ਦਰਜਣ ਟੀਕੇ ਵੇਚ ਚੁੱਕੇ ਸਨ।