ਬੰਗਲੁਰੂ: ਕਰ ਵਿਭਾਗ ਦੇ ਅਧਿਕਾਰੀਆਂ ਨੇ ਬਹੁ-ਪੱਧਰੀ ਡਾਕਟਰ-ਮੈਡੀਕਲ ਸੈਂਟਰਾਂ ਦੀ ਮਿਲੀਭੁਗਤ ਨਾਲ ਚੱਲ ਰਹੇ ਗੋਰਖਧੰਦਾ ਉਜਾਗਰ ਕਰਕੇ 100 ਕਰੋੜ ਦਾ ਕਾਲਾ ਧਨ ਫੜਿਆ ਹੈ। ਇਹ ਖੁਲਾਸਾ ਉਦੋਂ ਹੋਇਆ ਜਦੋਂ ਬੀਤੇ ਸ਼ਨੀਵਾਰ ਆਈ.ਵੀ.ਐਫ. ਕਲੀਨਕ ਵਿੱਚ ਛਾਪਾ ਮਾਰਿਆ ਤੇ 100 ਕਰੋੜ ਦੀ ਅਣ-ਐਲਾਨੀ ਆਮਦਨ ਸਾਹਮਣੇ ਆਈ।


ਆਮਦਨ ਕਰ ਅਧਿਕਾਰੀਆਂ ਨੇ ਗ਼ੈਰ-ਕੁਦਰਤੀ ਪ੍ਰਜਨਨ ਕੇਂਦਰ ਵਿੱਚ ਛਾਪੇਮਾਰੀ ਕੀਤੀ ਤਾਂ 1.4 ਕਰੋੜ ਰੁਪਏ ਨਕਦੀ ਤੇ 3.5 ਕਿੱਲੋ ਗਹਿਣੇ-ਗੱਟੇ ਬਰਾਮਦ ਹੋਏ। ਅਧਿਕਾਰੀਆਂ ਮੁਤਾਬਕ ਤਿੰਨ ਦਿਨ ਚੱਲੀ ਮੁਹਿੰਮ ਦੌਰਾਨ ਵੱਖ-ਵੱਖ ਕੇਂਦਰਾਂ ਤੇ ਮੈਡੀਕਲ ਪ੍ਰਯੋਗਸ਼ਾਲਾਵਾਂ ਤੋਂ ਵਿਦੇਸ਼ ਮੁਦਰਾ ਤੇ ਕਰੋੜਾਂ ਰੁਪਏ ਜਮ੍ਹਾਂ ਕੀਤੇ ਹੋਏ ਵਿਦੇਸ਼ੀ ਬੈਂਕ ਖਾਤੇ ਵੀ ਸੀਲ ਕੀਤੇ ਹਨ।

ਅਧਿਕਾਰੀਆਂ ਨੂੰ ਇੱਕ ਅਜਿਹੀ ਪ੍ਰਯੋਗਸ਼ਾਲਾ ਦਾ ਵੀ ਪਤਾ ਲੱਗਾ ਜਿਸ ਦਾ ਖਾਤਾ 200 ਕਰੋੜ ਦੇ ਮੁੱਲ ਦੀ "ਮਸ਼ਵਰਾ ਫ਼ੀਸ" (ਰੈਫਰਲ ਫ਼ੀਸ) ਦਰਸਾ ਰਿਹਾ ਹੈ। ਇਸ ਤੋਂ ਇਹ ਵੀ ਖੁਲਾਸਾ ਹੋਇਆ ਕਿ ਇੱਕ ਵਿਸ਼ੇਸ਼ ਪ੍ਰਯੋਗਸ਼ਾਲਾ ਵਿੱਚ ਜਾਂਚ ਕਰਵਾਉਣ ਲਈ ਭੇਜੇ ਜਾਣ ਦੇ ਇਵਜ਼ ਵਿੱਚ ਡਾਕਟਰਾਂ ਨੂੰ ਕਿਸ ਤਰ੍ਹਾਂ ਵੱਖ-ਵੱਖ ਢੰਗਾਂ ਨਾਲ ਪੈਸੇ ਦਿੱਤੇ ਜਾਂਦੇ ਸਨ। ਡਾਕਟਰਾਂ ਨੂੰ ਦਲਾਲੀ (ਕਮਿਸ਼ਨ) ਦੀ ਰਕਮ ਦੀ ਕੀਮਤ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦੇ ਮੁਤਾਬਕ ਤੈਅ ਹੁੰਦੀ ਸੀ ਪਰ ਇੱਕ ਅੰਦਾਜ਼ੇ ਨਾਲ ਡਾਕਟਰਾਂ ਨੂੰ ਐਮ.ਆਰ.ਆਈ. ਟੈਸਟ ਲਈ ਉਕਤ ਲੈਬ ਵਿੱਚ ਮਰੀਜ਼ ਭੇਜਣ ਦੀ ਦਲਾਲੀ 35% ਤੇ ਸੀ.ਟੀ. ਸਕੈਨ ਲਈ 20 ਫ਼ੀਸਦੀ ਦਲਾਲੀ ਦਿੱਤੀ ਜਾਂਦੀ ਸੀ।

ਡਾਕਟਰਾਂ ਨੂੰ ਪ੍ਰੀ-ਪੇਡ ਦਲਾਲੀ ਤੋਂ ਲੈ ਕੇ ਪੰਦਰੀਂ ਦਿਨੀਂ ਦਲਾਲੀ ਦੇ ਪੈਸਿਆਂ ਦਾ ਭੁਗਤਾਨ ਵੀ ਕੀਤਾਂ ਜਾਂਦਾ ਰਿਹਾ ਹੈ। ਜੇਕਰ ਭੁਗਤਾਨ ਚੈੱਕ ਰਾਹੀਂ ਕੀਤਾ ਜਾਂਦਾ ਸੀ ਤਾਂ ਇਸ ਦਲਾਲੀ ਨੂੰ ਪ੍ਰਯੋਗਸ਼ਾਲਾਵਾਂ "ਪ੍ਰੋਫੈਸ਼ਨਲ ਫ਼ੀਸ" ਨਾਂ ਦੇ ਸ਼ਬਦ ਓਹਲੇ ਲੁਕਾਉਣ ਦੀ ਕੋਸ਼ਿਸ਼ ਕਰਦੀਆਂ ਸਨ। ਇਹ ਵੀ ਖ਼ੁਲਾਸਾ ਹੋਇਆ ਹੈ ਕਿ ਕਈ ਪ੍ਰਯੋਗਸ਼ਾਲਾਵਾਂ ਨੇ ਡਾਕਟਰਾਂ ਤਕ ਪੈਸਿਆਂ ਦੇ "ਲਿਫਾਫੇ" ਪਹੁੰਚਾਉਣ ਲਈ ਬਾਕਾਇਦਾ ਏਜੰਟ ਰੱਖੇ ਹੋਏ ਸਨ।