ਨਵੀਂ ਦਿੱਲੀ: ਡੋਕਲਾਮ ਵਿਵਾਦ ਦੇ ਚੱਲਦਿਆਂ ਭਾਰਤ ਨੂੰ ਜਾਪਾਨ ਦਾ ਸਮਰਥਨ ਮਿਲ ਗਿਆ ਹੈ। ਜਾਪਾਨ ਦਾ ਕਹਿਣਾ ਹੈ ਕਿ ਡੋਕਲਾਮ 'ਚ ਭਾਰਤ ਵੱਲੋਂ ਕੀਤੀ ਗਈ ਫੌਜ ਦੀ ਤਾਇਨਾਤੀ ਸਹੀ ਹੈ। ਇਸ ਦੇ ਨਾਲ ਹੀ ਜਾਪਾਨ ਨੇ ਕਿਹਾ ਕਿ ਭਾਰਤ, ਚੀਨ ਤੇ ਭੂਟਾਨ ਨੂੰ ਗੱਲਬਾਤ ਜ਼ਰੀਏ ਮੁੱਦਾ ਸੁਲਝਾਉਣਾ ਚਾਹੀਦਾ ਹੈ। ਕਿਸੇ ਵੀ ਦੇਸ਼ ਦੀ ਇਲਾਕੇ ਦੀ ਹਾਲਤ 'ਚ ਬਦਲਾਅ ਕਰਨ ਦੀ ਕੋਸ਼ਿਸ਼ ਨੂੰ ਜਾਪਾਨ ਨੇ ਸਹੀ ਨਹੀਂ ਦੱਸਿਆ। ਜਾਪਾਨ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਡੋਕਲਾਮ ਵਿਵਾਦ 'ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਹੈ।
ਜਾਪਾਨ ਦੇ ਰਾਜਦੂਤ ਕੇਨਜੀ ਹਿਰਾਮਾਤਸੁ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਡੋਕਲਾਮ ਭੂਟਾਨ ਤੇ ਚੀਨ ਵਿਚਕਾਰ ਵਿਵਾਦਤ ਖੇਤਰ ਹੈ ਤੇ ਦੋਵੇਂ ਦੇਸ਼ ਗੱਲਬਾਤ ਕਰ ਰਹੇ ਹਨ। ਅਸੀਂ ਵੀ ਸਮਝਦੇ ਹਾਂ ਕਿ ਭਾਰਤ ਦੀ ਭੂਟਾਨ ਨਾਲ ਇੱਕ ਗੱਲ ਹੈ ਤੇ ਇਸੇ ਵਜ੍ਹਾ ਤੋਂ ਭਾਰਤੀ ਫੌਜ ਇਲਾਕੇ 'ਚ ਮੌਜੂਦ ਹੈ।
ਰਾਜਦੂਤ ਨੇ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਹੱਲ ਕੱਢਣ ਲਈ ਚੀਨ ਨਾਲ ਗੱਲਬਾਤ ਰਾਜਦੂਤਾਂ ਜ਼ਰੀਏ ਜਾਰੀ ਰੱਖੇਗਾ। ਅਸੀਂ ਸ਼ਾਂਤੀਪੂਰਨ ਹੱਲ ਦੇ ਪ੍ਰਤੀ ਇਸ ਦ੍ਰਿਸ਼ਟੀਕੋਣ ਨੂੰ ਮਹੱਤਵਪੂਰਨ ਮੰਨਦੇ ਹਾਂ।