ਨਵੀਂ ਦਿੱਲੀ: ਡੋਕਲਾਮ 'ਚ ਭਾਰਤ ਤੇ ਚੀਨ ਵਿਚਾਲੇ ਜਾਰੀ ਤਣਾਅ ਦੌਰਾਨ ਦੋਵਾਂ ਮੁਲਕਾਂ ਨੇ ਨਵੇਂ ਕੰਮ ਸ਼ੁਰੂ ਕੀਤੇ ਹਨ। ਚੀਨ ਵੱਲੋਂ ਸਰਹੱਦੀ ਇਲਾਕਿਆਂ 'ਚ ਖੂਨ ਦਾਨ ਕੈਂਪ ਲਾਏ ਜਾ ਰਹੇ ਹਨ, ਉੱਥੇ ਹੀ ਭਾਰਤ ਨੇ ਚੀਨ ਸਰਹੱਦ ਦੀ ਰਖਵਾਲੀ ਕਰਨ ਵਾਲੇ ਆਈ.ਟੀ.ਬੀ.ਪੀ. (ਇੰਡੋ-ਤਿੱਬਤ ਬਾਰਡਰ ਪੁਲਿਸ) ਦੇ ਜਵਾਨਾਂ ਨੂੰ ਚੀਨੀ ਭਾਸ਼ਾ 'ਮੰਦਾਰੀਨ' ਸਿਖਾਉਣ ਦਾ ਫੈਸਲ ਕੀਤਾ ਹੈ।
ਚੀਨ ਦੀ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਮੁਤਾਬਕ ਚੀਨੀ ਸੈਨਾ ਨੇ ਚੀਨ ਦੇ ਹੁਨਾਨ ਪ੍ਰਾਂਤ ਦੀ ਰਾਜਧਾਨੀ ਚਾਂਗਸ਼ਾ ਦੇ ਹਸਪਤਾਲ 'ਚ ਬਲੱਡ ਬੈਂਕ ਬਣਾਇਆ ਹੈ। ਇਸ ਵਿੱਚ ਸਥਾਨਕ ਸਰਕਾਰ ਖੂਨ ਜਮ੍ਹਾਂ ਕਰਨ ਲਈ ਮੁਹਿੰਮ ਚਲਾ ਰਹੀ ਹੈ। ਇਸ ਤੋਂ ਇਲਾਵਾ ਚੀਨ ਦੇ ਹੁਬਈ ਪ੍ਰਾਂਤ ਤੇ ਗੁਆਂਗਸ਼ੀ ਜ਼ਆਂਗ ਖ਼ੁਦਮੁਖਤਿਆਰ ਖੇਤਰ ਸਮੇਤ ਕਈ ਪ੍ਰਾਂਤਾਂ ਦੇ ਵੱਡੇ ਹਸਪਤਾਲਾਂ 'ਚ ਖੂਨ ਜਮ੍ਹਾਂ ਕੀਤਾ ਜਾ ਰਿਹਾ ਹੈ। ਯੁੱਧ ਦੀਆਂ ਸੰਭਾਵਨਾਵਾਂ ਨੂੰ ਵੇਖਦਿਆਂ ਚੀਨੀ ਸੈਨਾ ਨੇ ਇਨ੍ਹਾਂ ਹਸਪਤਾਲਾਂ 'ਚ ਇਹ ਬਲੱਡ ਬੈਂਕ ਬਣਾਏ ਹਨ। ਮੰਨਿਆ ਜਾ ਰਿਹਾ ਹੈ ਕਿ ਖੂਨ ਇਕੱਠਾ ਕਰਕੇ ਤਿੱਬਤ ਭੇਜਿਆ ਜਾ ਰਿਹਾ ਹੈ।
ਭਾਰਤੀ ਜਵਾਨਾਂ ਵੱਲੋਂ ਭਾਸ਼ਾ ਨੂੰ ਸਿੱਖਣ ਪਿੱਛੇ ਆਈ.ਟੀ.ਬੀ.ਪੀ. ਦਾ ਮਕਸਦ ਘੁਸਪੈਠ ਦੌਰਾਨ ਚੀਨੀ ਸੈਨਿਕਾਂ ਦੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਸਮਝਣਾ ਹੈ। ਚੀਨੀ ਸੈਨਿਕ ਘੁਸਪੈਠ ਦੌਰਾਨ ਕਈ ਤਰੀਕਿਆਂ ਨਾਲ ਗੱਲਬਾਤ ਕਰਦੇ ਹਨ, ਜਿਨ੍ਹਾਂ ਨੂੰ ਜਵਾਨ ਸਮਝ ਨਹੀਂ ਸਕਦੇ, ਇਹੋ ਕਾਰਨ ਹੈ ਕਿ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਨਾ ਨਹੀਂ ਦੇ ਸਕਦੇ। ਸੂਤਰਾਂ ਮੁਤਾਬਕ ਆਈ.ਟੀ.ਬੀ.ਪੀ. ਆਪਣੇ ਜਵਾਨਾਂ ਨੂੰ ਚੀਨੀ ਭਾਸ਼ਾ ਸਿਖਾਉਣ ਲਈ ਮਸੂਰੀ ਦੇ ਟ੍ਰੇਨਿੰਗ ਇੰਸਟੀਚਿਊਟ 'ਚ ਵਿਭਾਗ ਵੀ ਖੋਲ੍ਹ ਰਹੀ ਹੈ। ਇਸ 'ਚ ਚੀਨੀ ਭਾਸ਼ਾ ਜਾਣਨ ਵਾਲੇ ਆਈ.ਟੀ.ਬੀ.ਪੀ. ਦੇ ਅਧਿਕਾਰੀਆਂ ਤੇ ਜਵਾਨਾਂ ਦੀ ਤਾਇਨਾਤੀ ਕੀਤੀ ਜਾ ਚੁੱਕੀ ਹੈ।