ਚੰਡੀਗੜ੍ਹ: ਸਥਾਨਕ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਰਿਕਸ਼ਾ ਚਲਾਉਣ ਲਈ ਡ੍ਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। ਹਰ ਰਿਕਸ਼ੇ ਚਾਲਕ ਨੂੰ ਆਪਣੇ ਰਿਕਸ਼ਾ 'ਤੇ ਨਗਰ ਨਿਗਮ ਵੱਲੋਂ ਜਾਰੀ ਕੀਤੀ ਨੰਬਰ ਪਲੇਟ ਲਾਉਣੀ ਵੀ ਜ਼ਰੂਰੀ ਹੈ। ਦਰਅਸਲ, ਚੰਡੀਗੜ੍ਹ ਵਿੱਚ ਰਿਕਸ਼ਿਆਂ ਤੇ ਰੇਹੜੀਆਂ ਦੀ ਬੇਤਹਾਸ਼ਾ ਵਰਤੋਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਨਗਰ ਨਿਗਮ ਵੱਲੋਂ ਪ੍ਰਸਤਾਵਿਤ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੰਦਾਜ਼ਨ ਸ਼ਹਿਰ ਵਿੱਚ ਲਗਪਗ 5 ਤੋਂ 6 ਹਜ਼ਾਰ ਰਿਕਸ਼ੇ ਚੱਲਦੇ ਹਨ।
ਯੂਟੀ ਨੇ ਇਸ ਮਤੇ ਨੂੰ ਪਾਸ ਕਰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ, ਜਿਹੜਾ ਲੋਕਾਂ ਦੀ ਰਾਏ ਲੈਣ ਮਗਰੋਂ ਲਾਗੂ ਕੀਤਾ ਜਾਏਗਾ। ਰਜਿਸਟ੍ਰੇਸ਼ਨ ਲਈ 600 ਰੁਪਏ ਫੀਸ ਲਈ ਜਾਏਗੀ ਤੇ 15 ਸਾਲਾਂ ਦੇ ਡ੍ਰਾਈਵਿੰਗ ਲਾਇਸੈਂਸ ਲਈ 300 ਰੁਪਏ ਫੀਸ ਦੇਣੀ ਪਏਗੀ। ਸਿਰਫ਼ ਉਨ੍ਹਾਂ ਰਿਕਸ਼ਾ ਤੇ ਰੇਹੜੀ ਚਾਲਕਾਂ ਨੂੰ ਹੀ ਲਾਇਸੈਂਸ ਜਾਰੀ ਕੀਤੇ ਜਾਣਗੇ, ਜਿਹੜੇ ਅਧਿਕਾਰਿਤ ਤੌਰ 'ਤੇ ਚੰਡੀਗੜ੍ਹ ਦੇ ਵਸਨੀਕ ਹੋਣਗੇ।
ਇਸ ਤੋਂ ਇਲਾਵਾ ਰਿਕਸ਼ਾ ਤੇ ਰੇਹੜੀ ਚਾਲਕ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ, ਯਾਨੀ ਉਹ ਨਾਬਾਲਗ ਨਹੀਂ ਹੋਣਾ ਚਾਹੀਦਾ। ਰੇਹੜੀ ਤੇ ਰਿਕਸ਼ਾ 'ਤੇ ਵੱਧ ਤੋਂ ਵੱਧ 150 ਕਿੱਲੋ ਭਾਰ ਲੈ ਕੇ ਜਾਣ ਦੀ ਹੱਦ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਲਾਇਸੈਂਸ ਧਾਰਕ ਨੂੰ ਪੁਲਿਸ ਤੇ ਟ੍ਰੈਫਿਕ ਨਿਯਮ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਾ ਲਾਜ਼ਮੀ ਹੈ।
ਜੇ ਰਿਕਸ਼ਾ ਤੇ ਰੇਹੜੀ ਚਾਲਕ ਨਿਯਮਾਂ ਦਾ ਪਾਲਣ ਨਹੀਂ ਕਰਦੇ, ਤਾਂ ਪੁਲਿਸ ਨੂੰ ਉਨ੍ਹਾਂ ਦੇ ਵਾਹਨ ਜ਼ਬਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਜ਼ਬਤ ਕੀਤਾ ਵਾਹਨ ਵਾਪਸ ਲੈਣ ਲਈ ਵੀ ਫੀਸ ਨਿਰਧਾਰਿਤ ਕੀਤੀ ਗਈ ਹੈ। ਪਹਿਲੀ ਵਾਰ ਅਪਰਾਧ ਕਰਨ 'ਤੇ 300 ਰੁਪਏ, ਦੂਜੀ ਵਾਰ ਲਈ 400 ਰੁਪਏ ਤੇ ਤੀਜੀ ਵਾਰ ਉਲੰਘਣਾ ਕਰਨ 'ਤੇ 500 ਰੁਪਏ ਲੱਗਣਗੇ।
ਸਕੂਟਰ, ਕਾਰ ਤੇ ਬੱਸ ਨਹੀਂ ਹੁਣ ਤਾਂ ਰਿਕਸ਼ਾ ਚਲਾਉਣ ਲਈ ਵੀ ਲੈਣਾ ਪਵੇਗਾ ਡਰਾਈਵਿੰਗ ਲਾਈਸੰਸ
ਏਬੀਪੀ ਸਾਂਝਾ
Updated at:
13 Jul 2019 03:16 PM (IST)
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਰਿਕਸ਼ਾ ਚਲਾਉਣ ਲਈ ਡ੍ਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। ਹਰ ਰਿਕਸ਼ੇ ਚਾਲਕ ਨੂੰ ਆਪਣੇ ਰਿਕਸ਼ਾ 'ਤੇ ਨਗਰ ਨਿਗਮ ਵੱਲੋਂ ਜਾਰੀ ਕੀਤੀ ਨੰਬਰ ਪਲੇਟ ਲਾਉਣੀ ਵੀ ਜ਼ਰੂਰੀ ਹੈ।
- - - - - - - - - Advertisement - - - - - - - - -