ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣ 'ਚ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਦਰਜ ਕਰਨ ਵਾਲੇ ਏਬੀਵੀਪੀ ਮੈਂਬਰ ਅੰਕਿਵ ਬਸੋਇਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਯੂਨੀਵਰਸਿਟੀ ਦੇ ਰਜਿਸਟਰਾਰ ਨੇ ਪ੍ਰਿੰਸੀਪਲ ਸਕੱਤਰ ਨੂੰ ਲਿਖੇ ਪੱਤਰ 'ਚ ਕਿਹਾ ਕਿ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਪ੍ਰਧਾਨ ਅੰਕਿਵ ਬਸੋਇਆ ਵੱਲੋਂ ਜਮ੍ਹਾ ਕੀਤੇ ਗਏ ਸਰਟੀਫਿਕੇਟ ਜਾਅਲੀ ਹਨ। ਸਾਫ ਸ਼ਬਦਾਂ 'ਚ ਇਹ ਵੀ ਸਪਸ਼ਟ ਕੀਤਾ ਕਿ ਅੰਕਿਵ ਦਾ ਨਾਂ ਤ੍ਰਿਵਲੁੱਵਰ ਯੂਨੀਵਰਸਿਟੀ ਤੇ ਯੂਨੀਵਰਸਿਟੀ ਹੇਠ ਆਉਂਦੇ ਕਿਸੇ ਵੀ ਕਾਲਜ 'ਚ ਨਹੀਂ।


ਦਰਅਸਲ ਅੰਕਿਤ ਦੀ ਜਿੱਤ ਤੋਂ ਬਾਅਦ ਕਾਂਗਰਸ ਦੀ ਵਿਦਿਆਰਥੀ ਇਕਾਈ ਅਖਿਲ ਭਾਰਤੀ ਰਾਸ਼ਟਰੀ ਵਿਦਿਆਰਥੀ ਜਥੇਬੰਦੀ ਨੇ ਦਾਅਵਾ ਕੀਤਾ ਸੀ ਕਿ ਅੰਕਿਤ ਦੀ ਐਮਏ ਦੀ ਡਿਗਰੀ ਫਰਜ਼ੀ ਹੈ। ਇਸ 'ਤੇ ਯੂਨੀਵਰਸਿਟੀ ਦੀ ਮੋਹਰ ਤੇ ਲੋਗੋ ਲੱਗਾ ਹੋਇਆ ਹੈ।


ਅਖਿਲ ਭਾਰਤੀ ਰਾਸ਼ਟਰੀ ਵਿਦਿਆਰਥੀ ਜਥੇਬੰਦੀ ਨੇ ਕਿਹਾ ਸੀ ਤ੍ਰਿਵਲੁੱਵਰ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲ ਵੱਲੋਂ ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਭੇਜੇ ਪੱਤਰ 'ਚ ਲਿਖਿਆ ਹੈ ਉਪਰੋਕਤ ਦੇ ਸੰਦਰਭ ਚ, ਤਹਾਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਦਿੱਤੇ ਉਮੀਦਵਾਰ ਦੇ ਪ੍ਰਮਾਣ ਪੱਤਰ ਦੀ ਜਾਂਚ ਹੋ ਗਈ ਹੈ।


ਇਸ 'ਚ ਪਤਾ ਲੱਗਾ ਹੈ ਕਿ ਪ੍ਰਮਾਣ ਪੱਤਰ ਅਸਲੀ ਨਹੀਂ। ਕਾਂਗਰਸ ਜਥੇਬੰਦੀ ਦੇ ਇਨ੍ਹਾਂ ਦਾਅਵਿਆਂ ਨੂੰ ਏਬੀਵੀਪੀ ਅਜੇ ਤੱਕ ਖਾਰਜ ਕਰਦਾ ਰਿਹਾ ਹੈ ਪਰ ਇਸ ਖੁਲਾਸੇ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ।