ਨਵੀਂ ਦਿੱਲੀ: 16 ਜੂਨ ਨੂੰ ਸੁਵਖ਼ਤੇ ਸੱਤ ਵਜੇ ਭਾਰਤ ਤੇ ਤਜ਼ਾਕਿਸਤਾਨ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭਾਰਤ ਵਿੱਚ ਕਸ਼ਮੀਰ ਦੇ ਸ਼੍ਰੀਨਗਰ ਤੇ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਤਕਰੀਬਨ 350 ਕਿਲੋਮੀਟਰ ਦੂਰ ਇਸ ਭੂਚਾਲ ਦਾ ਕੇਂਦਰ ਸੀ, ਜਿੱਥੇ ਇਸ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ।


ਵਿਗਿਆਨੀਆਂ ਮੁਤਾਬਕ ਤਜ਼ਾਕਿਸਤਾਨ ਵਿੱਚ ਹੀ ਇਸ ਭੂਚਾਲ ਦਾ ਉੱਪਰੀ ਕੇਂਦਰ ਸੀ, ਜਿੱਥੋਂ ਕਈ ਦੇਸ਼ਾਂ ਵਿੱਚ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਵਿੱਚ ਸਵੇਰੇ ਸੱਤ ਵੱਜ ਕੇ ਚਾਰ ਮਿੰਟ 'ਤੇ ਸ੍ਰੀਨਗਰ ਤੋਂ ਸਿਰਫ 14 ਕਿਲੋਮੀਟਰ ਦੂਰ ਭੂਚਾਲ ਦੀ ਤੀਬਰਤਾ 5.8 ਮਾਪੀ ਗਈ। ਬੀਤੇ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਵੀ ਕਸ਼ਮੀਰ ਵਿੱਚ ਸਵੇਰੇ ਚਾਰ ਵਜੇ ਵੀ ਭੂਚਾਲ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 3.2 ਦਰਜ ਕੀਤੀ ਗਈ।


ਇਸ ਤੋਂ ਪਹਿਲਾਂ ਬੀਤੀ ਨੌਂ ਜੂਨ ਨੂੰ ਵੀ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਸਵੇਰੇ ਸਵਾ ਅੱਠ ਵਜੇ 3.9 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ ਸਨ। ਧਰਤੀ ਹੇਠਲੀਆਂ ਟੈਕਟੌਨਿਕ ਪਲੇਟਸ ਵਿਚਲੀ ਹਿੱਲਜੁੱਲ ਕਾਰਨ ਇਹ ਵਰਤਾਰਾ ਵਾਪਰਦਾ ਹੈ। ਹਾਲਾਂਕਿ, ਕਈ ਵਾਰ ਇਹ ਕੁਦਰਤੀ ਵਰਤਾਰਾ ਮਨੁੱਖਾਂ ਲਈ ਜਾਨਲੇਵਾ ਵੀ ਸਾਬਤ ਹੁੰਦਾ ਹੈ।