ਬੈਂਗਲੁਰੂ: ਕਰਨਾਟਕ ਹਾਈ ਕੋਰਟ ਨੇ 'ਮਨੁਸਮ੍ਰਿਤੀ' ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਮਾਤਾ-ਪਿਤਾ ਤੋਂ ਪਹਿਲਾਂ ਕੋਈ ਦੇਵਤਾ ਨਹੀਂ ਹੈ ਤੇ ਕੋਈ ਵੀ ਉਨ੍ਹਾਂ ਨੂੰ ਵਾਪਸ ਨਹੀਂ ਕਰ ਸਕਦਾ ਹੈ। ਬੈਂਚ ਨੇ ਹੈਬੀਅਸ ਕਾਰਪਸ ਪਟੀਸ਼ਨ 'ਤੇ ਵਿਚਾਰ ਕਰਦਿਆਂ ਇਹ ਟਿੱਪਣੀ ਕੀਤੀ। ਅਦਾਲਤ ਨੇ ਅੱਗੇ ਕਿਹਾ ਕਿ ਅਜਿਹੇ ਮਾਪੇ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਹੈ ਤੇ ਅਜਿਹੇ ਬੱਚੇ ਹਨ, ਜਿਨ੍ਹਾਂ ਨੇ ਆਪਣੇ ਮਾਪਿਆਂ ਲਈ ਸਭ ਕੁਝ ਛੱਡ ਦਿੱਤਾ।

19 ਸਾਲਾ ਇੰਜਨੀਅਰਿੰਗ ਵਿਦਿਆਰਥੀ ਦੇ ਪਿਤਾ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਗੱਲ ਦੱਸਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਪਿਤਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਦੀ ਧੀ ਦੀ ਕਸਟਡੀ ਉਸ ਨੂੰ ਸੌਂਪੀ ਜਾਵੇ। ਇੰਜਨੀਅਰਿੰਗ ਦੀ ਵਿਦਿਆਰਥਣ (ਧੀ) ਨੇ ਇੱਕ ਡਰਾਈਵਰ ਨਾਲ ਵਿਆਹ ਕਰਵਾ ਲਿਆ ਹੈ। ਜਸਟਿਸ ਬੀ. ਵੀਰੱਪਾ ਤੇ ਜਸਟਿਸ ਕੇ.ਐਸ. ਹੇਮਲੇਖਾ ਨੇ ਕਿਹਾ ਕਿ ਪਿਆਰ ਅੰਨ੍ਹਾ ਹੁੰਦਾ ਹੈ ਤੇ ਉਸ ਨੂੰ ਆਪਣੇ ਮਾਤਾ-ਪਿਤਾ ਦਾ ਪਿਆਰ ਨਜ਼ਰ ਨਹੀਂ ਆਉਂਦਾ।

ਬੈਂਚ ਨੇ ਕਿਹਾ ਕਿ ਜੋ ਮਾਪਿਆਂ ਨਾਲ ਕੀਤਾ ਗਿਆ, ਉਹੀ ਕੱਲ੍ਹ ਬੱਚਿਆਂ ਨਾਲ ਵੀ ਹੋ ਸਕਦਾ ਹੈ। ਜਦੋਂ ਆਪਸ ਵਿੱਚ ਪਿਆਰ ਦੀ ਕਮੀ ਹੁੰਦੀ ਹੈ ਤਾਂ ਅਜਿਹੇ ਹਾਲਾਤ ਸਾਹਮਣੇ ਆਉਂਦੇ ਹਨ। ਬੈਂਚ ਨੇ ਪਿਤਾ ਵੱਲੋਂ ਦਾਇਰ ਕੀਤੀ ਗਈ ਹੈਬੀਅਸ ਕਾਰਪਸ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਬੇਟੀ ਨਾਬਾਲਗ ਨਹੀਂ ਹੈ ਤੇ ਉਸ ਨੂੰ ਆਪਣੀ ਪਸੰਦ ਦੇ ਨੌਜਵਾਨ ਨਾਲ ਵਿਆਹ ਕਰਨ ਦਾ ਅਧਿਕਾਰ ਹੈ।

ਅਦਾਲਤ ਨੇ ਕਿਹਾ ਕਿ ਲੜਕੀ ਨੇ ਅਦਾਲਤ ਦੇ ਸਾਹਮਣੇ ਕਿਹਾ ਹੈ ਕਿ ਉਹ ਬਾਲਗ ਹੈ ਤੇ ਉਸ ਨੇ ਉਸ ਨੌਜਵਾਨ ਨਾਲ ਵਿਆਹ ਕੀਤਾ ਹੈ ,ਜਿਸ ਨਾਲ ਉਹ ਪਿਆਰ ਕਰਦੀ ਸੀ। ਉਸ ਦੇ ਪਤੀ ਨੇ ਵੀ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਪਤਨੀ ਦੀ ਸਹੀ ਦੇਖਭਾਲ ਕਰੇਗਾ।