ਨਵੀਂ ਦਿੱਲੀ: ਦੁਨੀਆ ਦੇ ਦੂਜੇ ਦੇਸ਼ਾਂ ਵਾਂਗ ਕੋਰੋਨਾ ਦੀ ਦੂਜੀ ਲਹਿਰ ਭਾਰਤ ਉੱਤੇ ਕਹਿਰ ਬਣ ਕੇ ਟੁੱਟੀ ਹੈ। ਕੋਰੋਨਾ ਨਾਲ ਦੇਸ਼ ’ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਅੱਜ ਤਿੰਨ ਲੱਖ ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਭਾਰਤ ਉਨ੍ਹਾਂ ਚੋਟੀ ਦੇ ਤਿੰਨ ਦੇਸ਼ਾਂ ਦੀ ਲਿਸਟ ਵਿੱਚ ਸ਼ੁਮਾਰ ਹੋ ਗਿਆ ਹੈ, ਜਿੱਥੇ ਕੋਰੋਨਾ ਕਾਰਨ ਹੁਣ ਤੱਕ ਤਿੰਨ ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਭਾਰਤ ਤੋਂ ਇਲਾਵਾ ਇਸ ਲਿਸਟ ਵਿੱਚ ਅਮਰੀਕਾ ਤੇ ਬ੍ਰਾਜ਼ੀਲ ਹਨ। ਅਫ਼ਸੋਸਨਾਕ ਗੱਲ ਇਹ ਹੈ ਕਿ ਇਹ ਇੱਕ ਅਜਿਹੀ ਸੂਚੀ ਹੈ, ਜਿਸ ਵਿੱਚ ਕੋਈ ਵੀ ਦੇਸ਼ ਆਪਣਾ ਨਾਂ ਦਰਜ ਨਹੀਂ ਕਰਵਾਉਣਾ ਚਾਹੇਗਾ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਰ ਪਿਛਲੇ 24 ਘੰਟਿਆਂ ’ਚ 2,22,315 ਨਵੇਂ ਕੋਰੋਨਾ ਮਾਮਲੇ ਆਏ ਤੇ 4,454 ਮਰੀਜ਼ਾਂ ਦੀ ਜਾਨ ਚਲੀ ਗਏ ਹਨ। ਇਸ ਦੇ ਨਾਲ ਹੀ 3,02,544 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਦਾ ਮਤਲਬ ਹੈ ਕਿ 84,683 ਐਕਟਿਵ ਕੇਸ ਘੱਟ ਹੋਏ ਹਨ। ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ 2.40 ਲੱਖ ਨਵੇਂ ਕੇਸ ਦਰਜ ਕੀਤੇ ਗਏ ਸਨ ਤੇ 3,741 ਮਰੀਜ਼ਾਂ ਦੀ ਜਾਨ ਗਈ ਸੀ।
ਦੱਸ ਦੇਈਏ ਕਿ ਦੁਨੀਆ ਵਿੱਚ ਕੋਰੋਨਾ ਹੁਣ ਤੱਕ ਲਗਭਗ 35 ਲੱਖ ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ। ਇਨ੍ਹਾਂ ਵਿੱਚ ਤਿੰਨ ਲੱਖ ਭਾਰਤੀ ਸ਼ਾਮਲ ਹਨ। ਇਸ ਹਿਸਾਬ ਨਾਲ ਦੁਨੀਆ ’ਚ ਕੋਰੋਨਾ ਕਾਰਣ ਮਰਨ ਵਾਲਾ ਹਰੇਕ 13ਵਾਂ ਵਿਅਕਤੀ ਇੱਕ ਭਾਰਤੀ ਸੀ। ਬ੍ਰਾਜ਼ੀਲ ਤੇ ਅਮਰੀਕਾ ਤੋਂ ਬਾਅਦ ਕੋਰੋਨਾ ਨਾਲ ਭਾਰਤ ’ਚ ਸਭ ਤੋਂ ਵੱਧ ਜਾਨਾਂ ਗਈਆਂ ਹਨ। ਅਮਰੀਕਾ ’ਚ ਹੁਣ ਤੱਕ ਲਗਭਗ ਛੇ ਲੱਖ ਅਤੇ ਬ੍ਰਾਜ਼ੀਲ ਵਿੱਚ ਸਾਢੇ ਚਾਰ ਲੱਖ ਵਿਅਕਤੀ ਕੋਰੋਨਾ ਦੀ ਬਲੀ ਚੜ੍ਹ ਚੁੱਕੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਭਾਰਤ ’ਚ ਦੁਨੀਆ ਦੀ 17 ਫ਼ੀਸਦੀ ਆਬਾਦੀ ਰਹਿੰਦੀ ਹੈ।
ਦੇਸ਼ ’ਚ ਕੋਰੋਨਾ ਕਾਰਣ ਮੌਤ ਦਰ 1.13 ਫ਼ੀਸਦੀ ਹੈ, ਜਦ ਕਿ ਸਿਹਤਯਾਬੀ ਦਰ 88 ਫ਼ੀ ਸਦੀ ਤੋਂ ਵੱਧ ਹੈ। ਐਕਟਿਵ ਕੇਸ ਘਟ ਕੇ 11 ਫ਼ੀ ਸਦੀ ਤੋਂ ਘਟ ਗਏ ਹਨ। ਕੋਰੋਨਾ ਦੇ ਐਕਟਿਵ ਕੇਸਾਂ ਦੇ ਮਾਮਲੇ ’ਚ ਭਾਰਤ ਦਾ ਦੂਜਾ ਸਥਾਨ ਹੈ।
ਮਹਾਰਾਸ਼ਟਰ, ਕਰਨਾਟਕ ਤੇ ਤਾਮਿਲ ਨਾਡੂ ਦੇਸ਼ ਦੇ ਉਨ੍ਹਾਂ 10 ਰਾਜਾਂ ਵਿੱਚ ਸ਼ਾਮਲ ਹਨ, ਜਿੱਥੇ ਕੋਵਿਡ ਕਾਰਣ ਹੋਣ ਵਾਲੀਆਂ ਮੌਤਾਂ ’ਚ 73.88 ਫ਼ੀ ਸਦੀ ਦੀ ਹਿੱਸੇਦਾਰੀ ਹੈ। ਮਹਾਰਾਸ਼ਟਰ ’ਚ ਸਭ ਤੋਂ ਵੱਧ ਮੌਤਾਂ ਤੋਂ ਬਾਅਦ ਕਰਨਾਟਕ, ਤਾਮਿਲ ਨਾਡੂ, ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਕੇਰਲ, ਪੱਛਮੀ ਬੰਗਾਲ, ਉੱਤਰਾਖੰਡ ਤੇ ਆਂਧਰਾ ਪ੍ਰਦੇਸ਼ ’ਚ ਹੋਈਆਂ ਹਨ। ਰੋਜ਼ਾਨਾ ਪਾਜ਼ਿਟੀਵਿਟੀ ਦਰ ਘਟ ਕੇ 11 ਫ਼ੀਸਦੀ ’ਤੇ ਆ ਗਈ ਹੈ।
ਦੇਸ਼ ’ਚ ਹੁਣ ਤੱਕ 19.49 ਕਰੋੜ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਸਨਿੱਚਰਵਾਰ ਨੂੰ 18-44 ਸਾਲ ਉਮਰ ਵਰਗ ਦੇ 6,82,398 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ। 37 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 99,79,676 ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ। ਬਿਹਾਰ, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ 18 ਤੋਂ 44 ਸਾਲ ਉਮਰ ਦੇ 10 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।