ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਸ਼ੁਰੂ ਹੋਇਆ ਸਭ ਤੋਂ ਵੱਡਾ ਅੰਦੋਲਨ ਦਿੱਲੀ ’ਚ ਪਿਛਲੇ 20 ਦਿਨਾਂ ਤੋਂ ਚੱਲ ਰਿਹਾ ਹੈ। ਪੰਜਾਬ ਦੇ 12,797 ਪਿੰਡਾਂ ਦੇ ਕਿਸਾਨ ਇੱਥੇ ਪੁੱਜੇ ਹੋਏ ਹਨ। ਸਰਕਾਰ ਨਾਲ ਕਈ ਗੇੜ ਦੀ ਗੱਲਬਾਤ ਹੋ ਚੁੱਕਾ ਹੈ ਪਰ ਹਾਲੇ ਤੱਕ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ। ਕਿਸਾਨਾਂ ਦੇ ਸਖਤ ਸਟੈਂਡ ਮਗਰੋਂ ਸਰਕਾਰ ਨੇ ਅੰਦੋਲਨ ਨੂੰ ਲਟਕਾਉਣ ਦੀ ਨੀਤੀ ਅਪਣਾਈ ਤਾਂ ਕਿਸਾਨਾਂ ਨੇ ਨਵੀਂ ਰਣਨੀਤੀ ਨਾਲ ਇਸ ਦਾ ਢੁੱਕਵਾਂ ਜਵਾਬ ਦੇ ਦਿੱਤਾ।

ਸਰਕਾਰ ਦੀ ਉਮੀਦ ਤੋਂ ਉਲਟ ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ ਉੱਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ ਵਿੱਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ; ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ।

ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ ਵਿੱਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ ਵਿੱਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ ’ਤੇ ਪੁੱਜ ਰਹੇ ਹਨ। ਹੁਣ ਇਹ ਪ੍ਰਕਿਰਿਆ 8-8 ਦਿਨਾਂ ਦੀ ਬਣਾਈ ਜਾ ਰਹੀ ਹੈ। ਉਨ੍ਹਾਂ ਹੀ ਟ੍ਰਾਲੀਆਂ ਵਿੱਚ ਰਾਸ਼ਨ ਵੀ ਪਹੁੰਚਾਇਆ ਜਾ ਰਿਹਾ ਹੈ।

ਇਸ ਕਿਸਾਨ ਅੰਦੋਲਨ ਨੂੰ ਹਰਿਆਣਾ ਦੇ ਕਿਸਾਨਾਂ ਦੀ ਪੂਰੀ ਹਮਾਇਤ ਮਿਲ ਰਹੀ ਹੈ। ਸਥਾਨਕ ਲੋਕ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਇੱਕਜੁਟਤਾ ਵੇਖ ਕੇ ਡਾਢੇ ਖ਼ੁਸ਼ ਹਨ। ਸਿੰਘੂ ਬਾਰਡਰ ਤੋਂ ਤਿੰਨ ਕਿਲੋਮੀਟਰ ਪਹਿਲਾਂ ਹੀ ਸਾਰੀ ਸੜਕ ਜਾਮ ਹੈ। ਕਿਸਾਨਾਂ ਦੀ ਮੰਗ ਇੱਕੋ ਹੈ ਕਿ ਤਿੰਨੇ ਨਵੇਂ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ।

ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਜਿੱਤਣ ਤੱਕ ਉਹ ਇੱਥੇ ਹੀ ਬੈਠੇ ਰਹਿਣਗੇ। ਔਰਤਾਂ ਵੀ ਬੱਸਾਂ ਰਾਹੀਂ ਦਿੱਲੀ ਪੁੱਜ ਰਹੀਆਂ ਹਨ। ਪਟਿਆਲਾ ਦੇ ਦੌਣ ਕਲਾਂ ਤੋਂ ਇਲਾਵਾ ਧਰੇੜੀ ਜੱਟਾ, ਚਮਾਰਹੇੜੀ, ਆਲਮਪੁਰ, ਬੋਹੜਪੁਰ ਜਨਹੇੜੀ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੀਆਂ ਔਰਤਾਂ ਦਿੱਲੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਪੁੱਜ ਗਈਆਂ ਹਨ।

ਦੌਣ ਕਲਾਂ ਦੇ ਪੰਚਾਇਤ ਮੈਂਬਰ ਹਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਠੰਢ ’ਚ ਸੜਕਾਂ ਉੱਤੇ ਬਹਿ ਕੇ ਧਰਨਾ ਦੇ ਰਹੇ ਜਿਹੜੇ ਮਰਦ ਥੱਕ ਗਏ ਹਨ, ਉਨ੍ਹਾਂ ਨੂੰ ਆਰਾਮ ਦੇਣ ਲਈ ਹੁਣ ਘਰ ਭੇਜਿਆ ਜਾ ਰਿਹਾ ਹੈ। ਹੁਣ ਔਰਤਾਂ ਹੀ ਉਨ੍ਹਾਂ ਦੀ ਥਾਂ ਦਿੱਲੀ ’ਚ ਮੋਰਚਾ ਸੰਭਾਲਣਗੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904