ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ/ਨਵੀਂ ਦਿੱਲੀ: ਅੱਜ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਜਿਹੜੇ ਕਿਸਾਨ 6 ਮਹੀਨੇ ਦਾ ਰਾਸ਼ਨ ਲੈ ਕੇ ਦਿੱਲੀ ਬਾਰਡਰ 'ਤੇ ਆਏ ਸੀ, ਉਨ੍ਹਾਂ ਨੇ ਹੁਣ ਅਗਲੇ 6 ਮਹੀਨਿਆਂ ਲਈ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਵੀ 7 ਸਾਲ ਪੂਰੇ ਹੋ ਰਹੇ ਹਨ। ਇਸੇ ਲਈ ਸੰਯੁਕਤ ਮੋਰਚੇ ਨੇ ਇਸ ਦੌਰਾਨ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ। ਦਿੱਲੀ ਬਾਰਡਰ ਦੇ ਸਾਰੇ ਧਰਨੇ ਵਾਲੀਆਂ ਥਾਂਵਾਂ 'ਤੇ ਕਾਲੇ ਝੰਡੇ ਲਹਿਰਾਏ ਗਏ।


ਕਾਲੇ ਝੰਡੇ ਹੱਥਾਂ ਵਿਚ ਲੈ ਕੇ ਕਿਸਾਨਾਂ ਨੇ ਅੰਦੋਲਨ ਵਿੱਚ ਸ਼ਿਰਕਤ ਕੀਤੀ। ਕੋਰੋਨਾ ਕਰਕੇ ਜਿੱਥੇ ਕਿਸਾਨ ਅੰਦੋਨਲ ਵਾਲੀਆਂ ਥਾਂਵਾਂ 'ਤੇ ਭੀੜ ਬਹੁਤ ਘੱਟ ਗਈ ਸੀ, ਅੱਜ ਉਨ੍ਹਾਂ ਥਾਂਵਾਂ 'ਤੇ ਵਧੇਰੇ ਭੀੜ ਜੋਸ਼ ਨਾਲ ਭਰੀ ਨਜ਼ਰ ਆਈ। ਇਸ ਦੇ ਨਾਲ ਹੀ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਸਾਨਾਂ ਨੇ ਸਵੇਰੇ ਮੋਟਰਸਾਈਕਲ ਰੋਸ ਯਾਤਰਾ ਵੀ ਕੱਢੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਸਬੰਧਤ ਕਿਸਾਨਾਂ ਨੇ ਨਯਾ ਗਾਉਂ ਚੌਕ ਤੋਂ ਮਾਜਰਾ ਤੇ ਦਾਬੋਦਾ ਹੁੰਦੇ ਹੋਏ ਮੋਟਰਸਾਈਕਲਾਂ 'ਤੇ ਕਾਲੇ ਝੰਡੇ ਲਾ ਕੇ ਰੋਸ ਜ਼ਾਹਰ ਕੀਤਾ।




ਕਿਸਾਨਾਂ ਦਾ ਕਹਿਣਾ ਹੈ ਕਿ ਇਸ ਰੋਸ਼ ਯਾਤਰਾ ਦੇ ਜ਼ਰੀਏ ਕਿਸਾਨਾਂ ਨੇ ਸਰਕਾਰ ਪ੍ਰਤੀ ਆਪਣਾ ਗੁੱਸਾ ਦਰਸਾਇਆ। ਦੂਜੇ ਪਾਸੇ ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਪ੍ਰਤੀ ਜਾਗਰੂਕ ਕਰਨਾ ਪ੍ਰਦਰਸ਼ਨ ਦਾ ਮੁੱਖ ਉਦੇਸ਼ ਰਿਹਾ।


ਉਧਰ ਟਿੱਕਰੀ ਬਾਰਡਰ 'ਤੇ ਵੀ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਵੀ ਕਿਸਾਨਾਂ ਦੀ ਵੱਡੀ ਭੀੜ ਨਜ਼ਰ ਆਈ। ਇੱਥੇ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੇ ਨਜ਼ਰ ਨਹੀਂ ਆਈ। ਦੋ ਗਜ ਦੀ ਦੂਰੀ ਨੂੰ ਪਾਸੇ ਰੱਖ ਕੇ ਕਿਸਾਨ ਇੱਕ ਦੂਜੇ ਦੇ ਨਾਲ ਜੁੜੇ ਨਜ਼ਰ ਆਏ। ਨਾਲ ਹੀ ਉਨ੍ਹਾਂ ਦੇ ਮੂੰਹ 'ਤੇ ਮਾਸਕ ਵੀ ਨਹੀਂ ਨਜ਼ਰ ਆਇਆ।


ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਕਿਸਾਨ ਦੀ ਅੰਦੋਲਨ ਵਿੱਚ ਕੋਰੋਨ ਕਾਰਨ ਮੌਤ ਨਹੀਂ ਹੋਈ। ਇਸ ਦੇ ਬਾਵਜੂਦ ਉਹ ਹਰ ਰੋਜ਼ ਧਰਨੇ ਦੀਆਂ ਥਾਂਵਾਂ ਨੂੰ ਸੈਨੇਟਾਈਜ਼ ਕਰਦੇ ਹਨ। ਕਿਸਾਨ ਗਰਮ ਪਾਣੀ ਤੇ ਕਾੜ੍ਹੇ ਦਾ ਨਿਯਮਿਤ ਸੇਵਨ ਕਰਦੇ ਹਨ।


ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੱਧਰ 'ਤੇ ਵਿਟਾਮਿਨ ਸੀ ਤੇ ਡੀ ਦੀਆਂ ਦਵਾਈਆਂ ਵੀ ਰੱਖੀਆਂ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਤੇ ਉਹ ਵਾਪਸ ਆਪਣੇ ਘਰਾਂ ਨੂੰ ਚਲੇ ਜਾਣ। ਕਿਸਾਨਾਂ ਨੇ ਪਹਿਲਾਂ ਹੀ ਇਸ ਦਿਨ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅੰਦੋਲਨ ਵਾਲੀ ਥਾਂ 'ਤੇ ਬਣੇ ਹਰ ਘਰ 'ਤੇ ਕਾਲੇ ਝੰਡੇ ਲਹਿਰਾਏ ਗਏ।


ਅੰਦੋਲਨ ਵਿਚ ਹਿੱਸਾ ਲੈਣ ਲਈ ਆਈਆਂ ਔਰਤਾਂ ਕਾਲੇ ਕੱਪੜਿਆਂ 'ਚ ਨਜ਼ਰ ਆਈਆਂ, ਕਿਸੇ ਨੇ ਕਾਲੇ ਰੰਗ ਦੀ ਚੁੰਨੀ ਲਈ ਤਾਂ ਕਿਸੇ ਦੇ ਹੱਥ ਵਿੱਚ ਕਾਲੇ ਝੰਡੇ ਫੜੇ ਹੋਏ ਨਜ਼ਰ ਆਏ। ਇਸ ਅੰਦੋਲਨ 'ਚ ਔਰਤਾਂ ਰੀੜ ਦੀ ਹੱਡੀ ਬਣ ਉਭਰੀਆਂ। ਪ੍ਰਦਰਸ਼ਨ ਵਾਲੀ ਥਾਂ ਤੋਂ ਲੈ ਕੇ ਪ੍ਰਦਰਸ਼ਨ ਦੀ ਲਗਾਮ ਤੱਕ ਜਾਂ ਖੇਤ ਨੂੰ ਸੰਭਾਲਣ ਤੱਕ ਹਰ ਮੋਰਚੇ 'ਤੇ ਔਰਤਾਂ ਨੇ ਮੋਹਰੀ ਭੂਮਿਕਾ ਨਿਭਾਈ। ਹਰਿਆਣਾ ਦੀਆਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਪੰਜਾਬ ਨਾਲ ਮਿਲ ਕੇ ਅੰਦੋਲਨ ਕਰ ਰਹੀਆਂ ਹਨ।




ਕਿਸਾਨਾਂ ਦੀ ਰੁਕੀ ਹੋਈ ਕੜੀ ਨੂੰ ਤੋੜਨ ਲਈ ਕਿਸਾਨਾਂ ਨੇ ਵੱਡੇ ਦਿਲ ਨਾਲ ਸਰਕਾਰ ਨੂੰ ਗੱਲਬਾਤ ਦਾ ਪ੍ਰਸਤਾਵ ਭੇਜਿਆ, ਪਰ ਹੁਣ ਤੱਕ ਸਰਕਾਰ ਵੱਲੋਂ ਗੱਲਬਾਤ ਦੀ ਕੋਈ ਜਵਾਬ ਨਹੀਂ ਆਇਆ। ਇਸ ਦੇ ਬਾਵਜੂਦ ਕਿਸਾਨਾਂ ਨੂੰ ਉਮੀਦ ਹੈ ਕਿ ਉਹ ਅਗਲੇ ਇੱਕ ਜਾਂ ਦੋ ਮਹੀਨਿਆਂ ਵਿੱਚ ਜਿੱਤ ਹਾਸਲ ਕਰ ਲੈਣਗੇ ਅਤੇ ਖੇਤੀਬਾੜੀ ਦੇ ਕਾਨੂੰਨ ਵਾਪਸ ਕਰਵਾ ਕੇ ਹੀ ਆਪਣੇ ਘਰਾਂ ਨੂੰ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਝੋਨੇ ਦੀ ਬਿਜਾਈ ਅਤੇ ਕੋਰੋਨਾ ਦਾ ਪ੍ਰਭਾਵ ਘੱਟੇਗਾ ਕਿਸਾਨ ਮੋਰਚਾ ਵੱਡਾ ਸੱਦਾ ਦੇਵੇਗਾ ਤਾਂ ਜੋ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾ ਸਕੇ।


ਕਿਸਾਨ ਅੰਦੋਲਨ ਦੇ 6 ਮਹੀਨਿਆਂ ਵਿੱਚ ਕਿਸਾਨਾਂ ਨੇ ਠੰਢ, ਗਰਮੀ ਅਤੇ ਬਾਰਸ਼ ਦਾ ਕਹਿਰ ਵੇਖਿਆ ਹੈ। ਕਿਸਾਨ ਹਰ ਮੁਸ਼ਕਲ ਸਥਿਤੀ ਵਿੱਚ ਕਾਇਮ ਰਹੇ। ਉਹ ਆਪਣਾ ਹੌਂਸਲਾ ਮਜ਼ਬੂਤ ਕਰ ਸਰਕਾਰ ਖਿਲਾਫ ਖੜ੍ਹੇ ਹਨ। 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਕਿਸਾਨ ਹੁਣ ਕਹਿ ਰਿਹਾ ਹੈ ਕਿ ਰਾਸ਼ਨ ਅਗਲੇ ਤਿੰਨ ਸਾਲਾਂ ਲਈ ਆ ਗਿਆ ਹੈ। ਹੁਣ ਜਿੱਤਣ ਤੋਂ ਬਾਅਦ ਹੀ ਇੱਥੋਂ ਜਾਵਾਂਗੇ।


ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਸਹਿਮਤ ਨਹੀਂ ਹੁੰਦੀ ਤਾਂ 2022 ਦੀਆਂ ਯੂਪੀ ਅਤੇ ਪੰਜਾਬ ਚੋਣਾਂ ਵਿੱਚ ਭਾਜਪਾ ਦਾ ਹਾਲ ਕੁਝ ਸਮਾਂ ਪਹਿਲਾਂ ਹੋਈਆਂ ਬੰਗਾਲ ਚੋਣਾਂ ਤੋਂ ਵੀ ਮਾੜਾ ਹੋਵੇਗਾ।


ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਨੇ ਸੈਂਕੜੇ ਬੱਚੇ ਕੀਤੇ ਅਨਾਥ, ਸਮ੍ਰਿਤੀ ਇਰਾਨੀ ਨੇ ਕੀਤਾ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904