Shambhu Border: ਸ਼ੰਭੂ ਬਾਰਡਰ ਉਪਰ ਅੱਜ ਵੱਡੀ ਹਿੱਲਜੁਲ ਨਜ਼ਰ ਆ ਰਹੀ ਹੈ। ਕਿਸਾਨ ਦਿੱਲੀ ਕੂਚ ਕਰਨ ਲਈ ਤਿਆਰ-ਬਰ-ਤਿਆਰ ਹਨ ਪਰ ਦੂਜੇ ਪਾਸੇ ਹਰਿਆਣਾ ਪੁਲਿਸ ਵੀ ਐਕਸ਼ਨ ਮੋਡ ਵਿੱਚ ਦਿਖਈ ਦੇ ਰਹੀ ਹੈ। ਹਰਿਆਣਾ ਪੁਲਿਸ ਨੇ ਮੁੜ ਦੁਹਰਾਇਆ ਹੈ ਕਿ ਬਗੈਰ ਪ੍ਰਵਾਨਗੀ ਕਿਸਾਨਾਂ ਨੂੰ ਦਿੱਲੀ ਵੱਲ ਨਹੀਂ ਜਾਣ ਦਿੱਤਾ ਜਾਏਗਾ ਪਰ ਦਿੱਲੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਕੋਈ ਮਨਜੂਰੀ ਨਹੀਂ ਮਿਲੀ। ਇਸ ਲਈ ਹਾਲਾਤ ਟਕਰਾਅ ਵਾਲੇ ਬਣ ਸਕਦੇ ਹਨ।
ਦੱਸ ਦਈਏ ਕਿ ਕਿਸਾਨ ਅੱਜ ਦੁਪਹਿਰ 1 ਵਜੇ ਹਰਿਆਣਾ ਤੇ ਪੰਜਾਬ ਦੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਣਗੇ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਹੈ ਕਿ 101 ਕਿਸਾਨਾਂ ਦਾ ਜਥਾ ਹਰ ਹਾਲਤ ਵਿੱਚ ਦਿੱਲੀ ਲਈ ਰਵਾਨਾ ਹੋਵੇਗਾ। ਕਿਸਾਨਾਂ ਨੂੰ ਵੀ ਖਦਸ਼ਾ ਹੈ ਕਿ ਟਕਰਾਅ ਹੋ ਸਕਦਾ ਹੈ। ਇਸ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਨਮਕ ਦਿੱਤਾ ਜਾ ਰਿਹਾ ਹੈ ਤਾਂ ਜੋ ਜੇਕਰ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਤਾਂ ਉਨ੍ਹਾਂ ਨੂੰ ਸਾਹ ਲੈਣ 'ਚ ਕੋਈ ਦਿੱਕਤ ਨਾ ਆਵੇ। ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਅਜਿਹੇ 'ਚ ਜੇਕਰ ਨਮਕ ਦਾ ਸੇਵਨ ਕੀਤਾ ਜਾਏ ਤਾਂ ਆਰਾਮ ਮਿਲਦਾ ਹੈ।
ਉਧਰ, ਪੰਜਾਬ ਸਰਕਾਰ ਨੇ ਸ਼ੰਭੂ ਸਰਹੱਦ 'ਤੇ ਐਂਬੂਲੈਂਸਾਂ ਤਾਇਨਾਤ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਹਰਿਆਣਾ ਤੇ ਪੰਜਾਬ ਪੁਲਿਸ ਅਲਰਟ ਮੋਡ 'ਤੇ ਹੈ। ਸ਼ੰਭੂ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਥੇ ਤਾਜ਼ਾ ਬੈਰੀਕੇਡਿੰਗ ਕੀਤੀ ਗਈ ਹੈ। ਜਾਲੀਆਂ, ਕੈਮਰੇ ਤੇ ਲਾਊਡਸਪੀਕਰ ਤੱਕ ਲਗਾਏ ਗਏ ਹਨ। ਅੰਬਾਲਾ ਜ਼ਿਲ੍ਹੇ ਤੇ ਖਨੌਰੀ ਸਰਹੱਦ ਉਪਰ ਬੀਐਨਐਸ ਦੀ ਧਾਰਾ 163 (ਪਹਿਲਾਂ ਧਾਰਾ 144) ਲਾਗੂ ਹੈ। ਕਿਸਾਨਾਂ ਦੇ ਦਿੱਲੀ ਵੱਲ ਮਾਰਚ ਤੋਂ ਦੋ ਦਿਨ ਪਹਿਲਾਂ 4 ਦਸੰਬਰ ਨੂੰ ਹੀ ਅੰਬਾਲਾ ਪ੍ਰਸ਼ਾਸਨ ਨੇ ਸ਼ੰਭੂ ਸਰਹੱਦ 'ਤੇ ਨੋਟਿਸ ਚਿਪਕਾ ਦਿੱਤਾ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਕਿਸੇ ਵੀ ਪ੍ਰਦਰਸ਼ਨ ਜਾਂ ਅੰਦੋਲਨ ਲਈ ਦਿੱਲੀ ਪੁਲਿਸ ਦੀ ਮਨਜ਼ੂਰੀ ਜ਼ਰੂਰੀ ਹੈ। ਜੇਕਰ ਮਨਜ਼ੂਰੀ ਮਿਲਦੀ ਹੈ, ਤਾਂ ਅੰਬਾਲਾ ਡੀਸੀ ਦਫ਼ਤਰ ਨੂੰ ਸੂਚਿਤ ਕਰੋ। ਸੁਪਰੀਮ ਕੋਰਟ ਨੇ ਸ਼ੰਭੂ ਸਰਹੱਦ 'ਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਹਨ।
ਸੂਤਰਾਂ ਮੁਤਾਬਕ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਮਿਲਣੀ ਔਖੀ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 9 ਦਸੰਬਰ ਨੂੰ ਪਾਣੀਪਤ 'ਚ ਪ੍ਰੋਗਰਾਮ ਹੈ। ਕਿਸਾਨਾਂ ਵੱਲੋਂ ਦਿਨ ਵਿੱਚ 8 ਘੰਟੇ ਪੈਦਲ ਚੱਲਣ ਲਈ ਬਣਾਏ ਗਏ ਸ਼ਡਿਊਲ ਮੁਤਾਬਕ ਉਹ ਤਿੰਨ ਦਿਨਾਂ ਵਿੱਚ ਪਾਣੀਪਤ ਪਹੁੰਚ ਜਾਣਗੇ। ਹਰਿਆਣਾ ਸਰਕਾਰ ਮਹਿਸੂਸ ਕਰ ਰਹੀ ਹੈ ਕਿ ਅਜਿਹੇ 'ਚ ਪੀਐਮ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਇਸ ਕਾਰਨ ਸਰਕਾਰ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ। ਸੀਐਮ ਨਾਇਬ ਸੈਣੀ ਖੁਦ ਪੂਰੇ ਮਾਮਲੇ ਦੀ ਅਗਵਾਈ ਕਰ ਰਹੇ ਹਨ। ਅਜਿਹੇ 'ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਪੈਦਲ ਵੀ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਦੱਸ ਦਈਏ ਕਿ ਇਸ ਵੇਲੇ ਕਿਸਾਨਾਂ ਨੇ ਦੋ ਥਾਵਾਂ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉਪਰ ਡਟੇ ਹੋਏ ਹਨ। ਖਨੌਰੀ ਸਰਹੱਦ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 11ਵਾਂ ਦਿਨ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਿਸਾਨ ਇੱਥੋਂ ਅੱਗੇ ਨਹੀਂ ਵਧਣਗੇ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਆਈਜੀ ਹਿਸਾਰ ਨੇ ਹਰਿਆਣਾ ਦੇ 30 ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੇਕਰ ਅੰਦੋਲਨਕਾਰੀ ਕਿਸਾਨ ਅੱਗੇ ਵਧਦੇ ਹਨ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਏ ਪਰ ਲੋਕਾਂ ਪੁਲਿਸ ਅਫਸਰਾਂ ਦੀਆਂ ਗੱਲਾਂ 'ਚ ਨਹੀਂ ਆਏ।
ਉਧਰ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੰਬਾਲਾ ਦੇ ਡਿਪਟੀ ਕਮਿਸ਼ਨਰ (ਡੀਸੀ) ਨੇ ਪੂਰੇ ਦੇਸ਼ ਦੇ ਸਾਹਮਣੇ ਭੰਬਲਭੂਸੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ 10-15 ਹਜ਼ਾਰ ਕਿਸਾਨ ਦਿੱਲੀ ਵੱਲ ਜਾਣਗੇ, ਪਰ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਰਹੇ ਹਾਂ ਕਿ ਸਿਰਫ਼ 101 ਕਿਸਾਨ ਹੀ ਜਾਣਗੇ। ਉਹ ਪੈਦਲ ਹੀ ਦਿੱਲੀ ਜਾਣਗੇ ਤੇ ਇਸ ਦੀ ਸੂਚੀ ਵੀ ਮੀਡੀਆ ਸਾਹਮਣੇ ਜਨਤਕ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਹਾਈਕੋਰਟ ਤੇ ਸੁਪਰੀਮ ਕੋਰਟ ਵਿੱਚ ਹਰਿਆਣਾ ਸਰਕਾਰ ਕਹਿੰਦੀ ਰਹੀ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਦਿੱਲੀ ਵੱਲ ਅੱਗੇ ਵਧ ਸਕਦੇ ਹਨ। ਹੁਣ ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲ ਕੁਝ ਵੀ ਨਹੀਂ ਹੋਵੇਗਾ, ਸਿਰਫ ਝੰਡਾ ਤੇ ਜ਼ਰੂਰੀ ਚੀਜ਼ਾਂ ਲੈ ਕੇ ਦਿੱਲੀ ਜਾ ਰਹੇ ਹਾਂ ਪਰ ਸਰਕਾਰ ਫਿਰ ਵੀ ਨਹੀਂ ਮੰਨ ਰਹੀ।