Farmers Protest: ਕਿਸਾਨ ਅੱਜ ਦਿੱਲੀ ਵੱਲ ਕੂਚ ਕਰਨਗੇ। ਇਸ ਤੋਂ ਪਹਿਲਾਂ ਹਰਿਆਣਾ ਦੇ ਨਾਲ ਹੀ ਦਿੱਲੀ ਵਿੱਚ ਵੀ ਸਖਤੀ ਕਰ ਦਿੱਤੀ ਗਈ ਹੈ। ਕਿਸਾਨਾਂ ਦੇ ਕੂਚ ਨੂੰ ਵੇਖਦਿਆਂ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦਿੱਲੀ ਅੰਦਰ ਭੀੜ ਇਕੱਠੀ ਕਰਨ ਤੇ ਟਰੈਕਟਰਾਂ ਦੇ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਸਿੰਘੂ-ਟਿਕਰੀ ਸਰਹੱਦ ਤੇ ਉੱਤਰ ਪ੍ਰਦੇਸ਼ ਨਾਲ ਲੱਗਦੀ ਗਾਜ਼ੀਪੁਰ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਹੈ।



ਦੂਜੇ ਪਾਸੇ ਹਰਿਆਣਾ ਸਰਕਾਰ ਵੀ ਅਲਰਟ ਮੋਡ 'ਤੇ ਹੈ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ 40-40 ਕਿਲੋਮੀਟਰ 'ਤੇ ਨਾਕੇ ਲਾ ਹੋਏ ਹਨ। ਹਰਿਆਣਾ ਪੁਲਿਸ ਨੇ ਅਰਧ ਸੈਨਿਕ ਬਲਾਂ ਨਾਲ ਮਿਲ ਕੇ ਕਿਸਾਨਾਂ ਨੂੰ ਪਿਛਲੇ 8 ਦਿਨਾਂ ਤੋਂ ਸਰਹੱਦ 'ਤੇ ਰੋਕਿਆ ਹੋਇਆ ਹੈ। ਸ਼ੰਭੂ ਤੇ ਖਨੌਰੀ ਸਰਹੱਦ 'ਤੇ 3 ਹਜ਼ਾਰ ਤੋਂ ਵੱਧ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨ ਪਹੁੰਚੇ ਹੋਏ ਹਨ।


ਉਧਰ, ਕਿਸਾਨਾਂ ਨੇ ਵੀ ਦਿੱਲੀ ਕੂਚ ਦੀ ਪੂਰੀ ਤਿਆਰੀ ਕਰ ਲਈ ਹੈ। ਅੱਥਰੂ ਗੈਸ ਦੇ ਗੋਲਿਆਂ ਤੇ ਜਲ ਤੋਪਾਂ ਨਾਲ ਨਜਿੱਠਣ ਲਈ ਟਰੈਕਟਰ-ਟਰਾਲੀਆਂ ਵਿੱਚ ਪਾਣੀ ਦੀਆਂ ਟੈਂਕੀਆਂ ਰੱਖੀਆਂ ਗਈਆਂ ਹਨ। ਪਤੰਗ ਉਡਾਉਣ ਦੇ ਮਾਹਿਰ ਨੌਜਵਾਨ ਡ੍ਰੋਨਾਂ ਨਾਲ ਨਜਿੱਠਣਗੇ। ਬੈਰੀਕੇਡਾਂ ਨੂੰ ਤੋੜਨ ਲਈ ਬਖਤਰਬੰਦ ਜੇਸੀਬੀ ਤੇ ਪੋਕਲੇਨ ਮਸ਼ੀਨਾਂ ਮੰਗਵਾਈਆਂ ਗਈਆਂ ਹਨ। 


ਕਿਸਾਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਗੋਲੀਆਂ, ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲੇ ਵੀ ਬੇਅਸਰ ਹਨ। ਇਸ ਦੇ ਨਾਲ ਹੀ ਘੱਗਰ ਦਰਿਆ ਵਿੱਚ ਕੀਤੀ ਖੁਦਾਈ ਨੂੰ ਪੂਰਨ ਲਈ ਕਿਸਾਨ 5 ਹਜ਼ਾਰ ਮਿੱਟੀ ਦੇ ਥੈਲੇ ਲੈ ਕੇ ਆਏ ਹਨ। ਕਿਸਾਨਾਂ ਦੇ ਦਿੱਲੀ ਮਾਰਚ ਵਿੱਚ 40 ਕਿਸਾਨ ਜਥੇਬੰਦੀਆਂ ਤੇ 20 ਤੋਂ ਵੱਧ ਖਾਪ ਸ਼ਾਮਲ ਹਨ।


ਦੱਸ ਦਈਏ ਕਿ ਪੰਜਾਬ ਦੇ ਕਿਸਾਨ 11 ਵਜੇ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨਾਂ ਦਾ ਮੁੱਖ ਕਾਫਲਾ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ। ਇਸ ਤੋਂ ਇਲਾਵਾ ਕਿਸਾਨ ਖਨੌਰੀ ਬਾਰਡਰ ਤੋਂ ਵੀ ਹਰਿਆਣਾ ਵਿੱਚ ਦਾਖਲ ਹੋਣਗੇ। ਇੱਥੋਂ ਉਹ ਟਰੈਕਟਰ-ਟਰਾਲੀਆਂ ਵਿੱਚ ਦਿੱਲੀ ਵੱਲ ਜਾਣਗੇ।



ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ ’ਤੇ ਘੱਗਰ ਨਦੀ ’ਤੇ ਬਣੇ ਪੁਲ ’ਤੇ ਸੀਮਿੰਟ ਦੇ ਗਾਰਡਰ ਤੇ ਕੰਡਿਆਲੀ ਤਾਰਾਂ ਲਾ ਕੇ ਬੈਰੀਕੇਡ ਲਾ ਦਿੱਤਾ ਹੈ। ਇਸ ਨੂੰ ਤੋੜਨ ਲਈ ਕਿਸਾਨ ਜੇਸੀਬੀ, ਹਾਈਡ੍ਰੌਲਿਕ ਕਰੇਨ ਤੇ ਬੁਲੇਟ ਪਰੂਫ ਪੋਕਲੇਨ ਮਸ਼ੀਨ ਵੀ ਨਾਲ ਲੈ ਕੇ ਆਏ ਹਨ।