ਕਿਸਾਨਾਂ ਵੱਲੋਂ ਪੇਸ਼ ਸ਼ਖਸ ਦਾ ਦਾਅਵਾ:
ਅੱਜ ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਇਕ ਸਖਸ ਨੂੰ ਪੇਸ਼ ਕੀਤਾ ਗਿਆ...ਜਿਸ ਨੇ ਦਾਅਵਾ ਕੀਤਾ ਕਿ 26 ਜਨਵਰੀ ਨੂੰ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਹਿੰਸਾ ਤੇ ਚਾਰ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਸ਼ਖ਼ਸ ਨੇ ਦੱਸਿਆ ਸਾਡਾ ਪਲਾਨ ਇਹ ਸੀ ਕਿ ਜਿਵੇਂ ਹੀ ਕਿਸਾਨ ਟ੍ਰੈਕਟਰ ਮਾਰਚ ਨੂੰ ਲੈਕੇ ਦਿੱਲੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਦਿੱਲੀ ਪੁਲਿਸ ਇਨ੍ਹਾਂ ਨੂੰ ਰੋਕੇਗੀ। ਇਸ ਤੋਂ ਬਾਅਦ ਅਸੀਂ ਪਿੱਛੇ ਤੋਂ ਫਾਇਰਿੰਗ ਕਰਾਂਗੇ। ਤਾਂ ਕਿ ਪੁਲਿਸ ਨੂੰ ਲੱਗੇ ਕਿ ਗੋਲ਼ੀ ਕਿਸਾਨਾਂ ਵੱਲੋਂ ਚਲਾਈ ਗਈ ਹੈ। ਸ਼ਖ਼ਸ ਨੇ ਕਿਹਾ ਰੈਲੀ ਦੌਰਾਨ ਕੁਝ ਲੋਕ ਪੁਲਿਸ ਦੀ ਵਰਦੀ 'ਚ ਹੋਣਗੇ ਤਾਂ ਕਿ ਕਿਸਾਨਾਂ ਨੂੰ ਖਿੰਡਾਇਆ ਜਾ ਸਕੇ।
ਸ਼ਖ਼ਸ ਨੇ ਪ੍ਰਦੀਪ ਨਾਂਅ ਦੇ ਇਕ ਐਸਐਚਓ ਦਾ ਨਾਂਅ ਵੀ ਲਿਆ
ਇਸ ਵਿਅਕਤੀ ਨੇ ਇਹ ਵੀ ਦੱਸਿਆ ਕਿ ਮਾਰਚ ਦੌਰਾਨ ਸਟੇਜ 'ਤੇ ਮੌਜੂਦ ਚਾਰ ਕਿਸਾਨ ਲੀਡਰਾਂ ਨੂੰ ਸ਼ੂਟ ਕਰਨ ਦਾ ਆਰਡਰ ਹੈ। ਇਨ੍ਹਾਂ ਲੀਡਰਾਂ ਦੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਵੱਡੀ ਗੱਲ ਇਹ ਹੈ ਕਿ ਵਿਅਕਤੀ ਨੇ ਪ੍ਰਦੀਪ ਨਾਂਅ ਦੇ ਇਕ ਐਸਐਚਓ ਦਾ ਨਾਂਅ ਵੀ ਲਿਆ ਹੈ। ਜੋ ਰਾਈ ਥਾਣੇ ਦਾ ਹੈ ਤੇ ਇਨ੍ਹਾਂ ਕੋਲ ਆਪਣਾ ਚਿਹਰਾ ਢੱਕ ਕੇ ਆਉਂਦਾ ਸੀ। ਸ਼ਖਸ ਨੇ ਦੱਸਿਆ ਕਿ ਅਅਸੀਂ ਉਸ ਦਾ ਬੈਜ ਦੇਖਿਆ ਸੀ। ਸ਼ਖਸ ਨੇ ਦੱਸਿਆ ਜਿਹੜੇ ਚਾਰ ਲੀਡਰਾਂ ਨੂੰ ਸ਼ੂਟ ਕਰਨ ਦੇ ਹੁਕਮ ਹਨ ਉਨ੍ਹਾਂ ਦਾ ਨਾਂਅ ਮੈਨੂੰ ਨਹੀਂ ਪਤਾ। ਕਿਸਾਨਾਂ ਨੇ ਇਸ ਵਿਅਕਤੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।