Farmer Protest: ਪੰਜਾਬ ਦੇ ਕਿਸਾਨਾਂ ਨੇ ਅੱਜ ਹਰਿਆਣਾ ਸਰਾਕਰ ਨੂੰ ਬੇਨਕਾਬ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਰੀਦੀ ਦਿਹਾੜੇ ਮੌਕੇ 101 ਕਿਸਾਨਾਂ ਦਾ ਜਥਾ ਦਿੱਲੀ ਰਵਾਨਾ ਕੀਤਾ ਪਰ ਹਰਿਆਣਾ ਪੁਲਿਸ ਨੇ ਅੱਗੋਂ ਅੱਥਰੂ ਗੈਸ ਦੇ ਗੋਲੇ ਵਰ੍ਹਾ ਦਿੱਤੇ। ਇਸ ਦੌਰਾਨ ਕਰੀਬ 7 ਕਿਸਾਨ ਜ਼ਖ਼ਮੀ ਹੋ ਗਏ ਪਰ ਕਿਸਾਨਾਂ ਨੇ ਤੁਰੰਤ ਜਥਾ ਵਾਪਸ ਬੁਲਾ ਲਿਆ। ਇਸ ਨਾਲ ਹੁਣ ਹਰਿਆਣਾ ਸਰਕਾਰ ਉਪਰ ਸਵਾਲ ਖੜ੍ਹੇ ਹੋਣ ਲੱਗੇ ਹਨ ਕਿ ਪੈਦਲ ਜਾ ਰਹੇ ਕਿਸਾਨਾਂ ਤੋਂ ਵੀ ਦਿੱਕਤ ਕਿਉਂ? 


 



ਇਸ ਬਾਰੇ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਹਰਿਆਣਾ ਸਰਕਾਰ ਨੂੰ ਫਟਕਾਰੀ ਲਾਈ ਹੈ। ਬਜਰੰਗ ਪੂਨੀਆ ਨੇ ਕਿਹਾ ਕਿ ਪਹਿਲਾਂ ਜਦੋਂ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਆ ਰਹੇ ਸੀ ਤਾਂ ਸਰਕਾਰ ਨੇ ਹੱਲ੍ਹਾ ਮਚਾ ਦਿੱਤਾ ਕਿ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਨਾ ਆਉਣ, ਜੇਕਰ ਆਉਣਾ ਹੈ ਤਾਂ ਪੈਦਲ ਹੀ ਆਓ। ਹੁਣ ਜਦੋਂ ਕਿਸਾਨ ਪੈਦਲ ਆ ਰਹੇ ਨੇ ਤਾਂ ਤੁਹਾਨੂੰ ਇਸ ਵਿੱਚ ਵੀ ਦਿੱਕਤ ਹੈ।  ਪੂਨੀਆ ਨੇ ਅੱਗੇ ਕਿਹਾ ਕਿ ਅਸਲ ਵਿੱਚ ਸਮੱਸਿਆ ਟਰੈਕਟਰ-ਟਰਾਲੀ ਦੀ ਨਹੀਂ। ਤੁਹਾਨੂੰ ਦਿੱਕਤ ਤਾਂ ਕਿਸਾਨਾਂ ਤੋਂ ਹੈ। ਸੱਚ ਤਾਂ ਇਹ ਹੈ ਕਿ ਤੁਸੀਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦੇਣਾ ਚਾਹੁੰਦੇ, ਪਰ ਫਿਕਰ ਨਾ ਕਰੋ, ਕਿਸਾਨ ਆਪਣੇ ਹੱਕ ਲੈਣੇ ਬਾਖੂਬੀ ਜਾਣਦੇ ਹਨ। 



ਦਰਅਸਲ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਹਾਈਕੋਰਟ ਤੇ ਸੁਪਰੀਮ ਕੋਰਟ ਵਿੱਚ ਵੀ ਕਹਿੰਦੀ ਰਹੀ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਦਿੱਲੀ ਵੱਲ ਅੱਗੇ ਵਧ ਸਕਦੇ ਹਨ। ਹੁਣ ਜਦੋਂ ਕਿਸਾਨ ਵਾਕਿਆ ਹੀ ਪੈਦਲ ਜਾਣ ਲਈ ਅੱਗੇ ਵਧੇ ਤਾਂ ਉਨ੍ਹਾਂ ਉੱਪਰ ਅੱਥਰੂ ਗੈਲ ਦੇ ਗੋਲੇ ਵਰ੍ਹਾਏ ਗਏ। ਇਸ ਨਾਲ ਹਰਿਆਣਾ ਸਰਕਾਰ ਬੇਨਕਾਬ ਹੋ ਗਈ ਹੈ। ਵਿਰੋਧੀ ਪਾਰਟੀਆਂ ਦੇ ਲੀਡਰ ਸਰਕਾਰ ਨੂੰ ਘੇਰ ਰਹੇ ਹਨ। 



ਦਰਅਸਲ ਅੱਜ ਪੁਲਿਸ ਵੱਲੋਂ ਵਰ੍ਹਾਏ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਹੁਣ ਤੱਕ 7 ਕਿਸਾਨ ਜ਼ਖਮੀ ਹੋਏ ਹਨ। ਦੋ ਕਿਸਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਲਈ ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਸਾਢੇ ਤਿੰਨ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ ਹਟ ਗਏ। ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਸਾਡੇ ਕਈ ਆਗੂ ਜ਼ਖ਼ਮੀ ਹੋਏ ਹਨ। ਅਸੀਂ ਦਿੱਲੀ ਜਾਣ ਵਾਲੇ ਜਥੇ ਨੂੰ ਵਾਪਸ ਬੁਲਾ ਲਿਆ ਏ। ਕੂਚ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ। 



ਪੰਧੇਰ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਸੀ। ਉਹ ਸਾਨੂੰ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਵਿੱਚ ਥਾਂ ਦਿੰਦੇ। ਅਸੀਂ ਉੱਥੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ। ਸਾਰੀ ਦੁਨੀਆ ਦੇਖ ਰਹੀ ਹੈ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ ਹੈ। ਪੰਧੇਰ ਨੇ ਕਿਹਾ ਕਿ ਅਸੀਂ ਅੱਗੇ ਵਧਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਗੱਲਬਾਤ ਦਾ ਰਾਹ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ, ਜੇਕਰ ਸਾਨੂੰ ਦਿੱਲੀ ਨਾ ਜਾਣ ਦਿੱਤਾ ਗਿਆ ਤਾਂ ਅਸੀਂ ਸ਼ਾਮ ਨੂੰ ਰਣਨੀਤੀ ਬਣਾਵਾਂਗੇ। ਪੰਧੇਰ ਨੇ ਕਿਹਾ ਕਿ ਸਰਕਾਰ ਜਾਂ ਤਾਂ ਸਾਨੂੰ ਦਿੱਲੀ ਜਾਣ ਦੇਵੇ ਜਾਂ ਫਿਰ ਗੱਲਬਾਤ ਕਰੇ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਸੂਬਾ ਸਰਕਾਰ ਨਾਲ ਕੋਈ ਮੁੱਦਾ ਨਹੀਂ, ਸਗੋਂ ਕੇਂਦਰ ਸਰਕਾਰ ਖਿਲਾਫ ਸੰਘਰਸ਼ ਹੈ।