ਨਵੀਂ ਦਿੱਲੀ: ਮੁੱਜਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਮਗਰੋਂ ਬੀਜੇਪੀ ਸਰਗਰਮ ਹੋ ਗਈ ਹੈ। ਬੀਜੇਪੀ ਦੇ ਨੇਤਾ ਤੇ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਿਓਤੀ ਨੇ ਕਿਸਾਨ ਅੰਦੋਲਨ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਸਾਧਵੀ ਨਿਰੰਜਨ ਜਿਓਤੀ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਸਿਆਸੀ ਹੈ। ਖੇਤੀਬਾੜੀ ਕਾਨੂੰਨਾਂ ਵਿੱਚ ਕੁਝ ਵੀ ਕਾਲਾ ਨਹੀਂ ਹੈ। ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਕਿਸਾਨ ਆਗੂਆਂ ਨਾਲ 12 ਵਾਰ ਗੱਲਬਾਤ ਕੀਤੀ ਪਰ ਅੰਦੋਲਨਕਾਰੀ ਕਿਸਾਨ ਇਸ ਨੂੰ ਮੰਨਣ ਲਈ ਤਿਆਰ ਨਹੀਂ।
ਦੂਜੇ ਪਾਸੇ ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਵੱਲ੍ਹ ਟਵੀਟ ਕੀਤਾ ਸੀ ਕਿ ਕਿਸਾਨ ਸਾਡਾ ਖੂਨ ਹਨ। ਸਾਨੂੰ ਉਨ੍ਹਾਂ ਬਾਰੇ ਸਤਿਕਾਰ ਨਾਲ ਸੋਚਣਾ ਚਾਹੀਦਾ ਹੈ ਤੇ ਸਰਕਾਰ ਨੂੰ ਉਨ੍ਹਾਂ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ ਪਰ ਜਦੋਂ ਇਸ ਬਾਰੇ ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜਿਓਤੀ ਤੋਂ ਪ੍ਰਸ਼ਨ ਪੁੱਛ ਕੇ ਉਨ੍ਹਾਂ ਦੀ ਰਾਇ ਲੈਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਚੁੱਪ ਰਹੇ ਤੇ ਪ੍ਰੈੱਸ ਕਾਨਫ਼ਰੰਸ ਖ਼ਤਮ ਕਰਦਿਆਂ ਕਿਹਾ ਕਿ ਮੈਂ ਹਾਲੇ ਤੱਕ ਅਜਿਹਾ ਕੁਝ ਨਹੀਂ ਸੁਣਿਆ।
ਕਿਸਾਨ ਮਹਾਪੰਚਾਇਤ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਹਮਲਾਵਰ ਹੋਣ ਦਾ ਕੀਤਾ ਫੈਸਲਾ
ਤੁਹਾਨੂੰ ਦੱਸ ਦੇਈਏ ਕਿ ਯੂਪੀ ਵਿੱਚ ਵਿਧਾਨ ਸਭਾ ਦੀਆਂ ਤਿਆਰੀਆਂ ਦਾ ਬਿਗਲ ਵੱਜ ਗਿਆ ਹੈ। ਭਾਜਪਾ ਦੇ ਨਾਲ-ਨਾਲ, ਵਿਰੋਧੀ ਪਾਰਟੀਆਂ ਨੇ ਵੀ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਰਮਜੋਸ਼ੀ ਨਾਲ ਵਿਚਾਰ ਕੀਤਾ ਹੈ। ਪਰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਸ਼ਹਿਰ ਵਿੱਚ ਕੱਲ੍ਹ ਹੋਈ ਕਿਸਾਨਾਂ ਦੀ ਮਹਾਪੰਚਾਇਤ ਭਾਜਪਾ ਸਰਕਾਰ ਦੇ ਸਮੀਕਰਨ ਵਿਗਾੜ ਸਕਦੀ ਹੈ।
15 ਰਾਜਾਂ ਦੇ 300 ਤੋਂ ਵੱਧ ਕਿਸਾਨ ਸੰਗਠਨਾਂ ਨੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀ ਅਗਵਾਈ ਹੇਠ ਐਤਵਾਰ ਨੂੰ ਮੁਜ਼ੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਹਿੱਸਾ ਲਿਆ, ਜੋ ਕਿ ਕਿਸਾਨ ਏਕਤਾ ਦੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਸਾਬਤ ਹੋਇਆ ਅਤੇ ਵਿਰੋਧ ਜਾਰੀ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਗਿਆ। ਤਿੰਨ ਵਿਵਾਦਤ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਸਰਬਸੰਮਤੀ ਨਾਲ 27 ਸਤੰਬਰ ਨੂੰ 'ਪੂਰਨ ਭਾਰਤ ਬੰਦ' ਦਾ ਸੱਦਾ ਦਿੱਤਾ ਹੈ।