ਫਤਿਹਾਬਾਦ: ਸਥਾਨਕ ਪੁਲਿਸ ਨੇ ਮਹੇਂਦਰ ਨਾਂ ਦੇ ਸ਼ਾਤਿਰ ਦਰਜੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਅਫ਼ਸਰਾਂ ਨਾਲ ਲਈਆਂ ਆਪਣੀਆਂ ਸੈਲਫੀਆਂ ਦਿਖਾ ਕੇ ਲੋਕਾਂ 'ਤੇ ਧੌਂਸ ਜਮਾਉਂਦਾ ਸੀ ਤੇ ਉਨ੍ਹਾਂ ਕੋਲੋਂ ਪੈਸੇ ਹੜੱਪਦਾ ਸੀ। ਮੁਲਜ਼ਮ ਦਰਜੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ।

ਦਰਅਸਲ ਫਤਿਹਾਬਾਦ ਦੇ ਸ਼ਹਿਰ ਰੱਤੀਆਂ ਦੇ ਇੱਕ ਵਿਅਕਤੀ ਅਰਵਿੰਦ ਨੇ ਜਦੋਂ ਮੁਲਜ਼ਮ ਮਹੇਂਦਰ ਕੋਲੋਂ ਉਧਾਰ ਲਏ ਪੈਸੇ ਵਾਪਸ ਮੰਗੇ ਤਾਂ ਉਸ ਨੇ ਡੀਜੀਪੀ ਨਾਲ ਲਈ ਸੈਲਫੀ ਵਿਖਾ ਕੇ ਉਸ ਨੂੰ ਧਮਕੀ ਦਿੱਤੀ। ਇਸ 'ਤੇ ਅਰਵਿੰਦ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਦਰਜੀ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਮੁਤਾਬਕ ਮਹੇਂਦਰ ਪਹਿਲਾਂ ਪੁਲਿਸ ਦੇ ਆਹਲਾ ਅਧਿਕਾਰੀਆਂ ਨਾਲ ਫੋਟੋ ਖਿਚਵਾਉਂਦਾ ਸੀ। ਫਿਰ ਲੋਕਾਂ ਨੂੰ ਉਨ੍ਹਾਂ ਅਧਿਕਾਰੀਆਂ ਨਾਲ ਆਪਣੀ ਰਿਸ਼ਤੇਦਾਰੀ ਦੱਸ ਕੇ ਲੋਕਾਂ 'ਤੇ ਧੌਂਸ ਜਮਾਉਂਦਾ ਸੀ। ਪੁਲਿਸ ਨੂੰ ਸ਼ਿਕਾਇਤ ਕਰਨ ਵਾਲੇ ਅਰਵਿੰਦ ਨੇ ਇਲਜ਼ਾਮ ਲਾਇਆ ਕਿ ਦਰਜੀ ਨਾ ਤਾਂ ਉਸ ਦੇ ਪੈਸੇ ਦੇ ਰਿਹਾ ਸੀ ਤੇ ਨਾ ਹੀ ਦੁਕਾਨ ਦਾ ਕਿਰਾਇਆ। ਮਹੇਂਦਰ ਅਰਵਿੰਦ ਦੀ ਦੁਕਾਨ ਵਿੱਚ ਹੀ ਟੇਲਰਿੰਗ ਦਾ ਕੰਮ ਕਰਦਾ ਸੀ।