ਚੰਡੀਗੜ੍ਹ: ਬੁੱਧਵਾਰ ਯਾਨੀ ਬੀਤੇ ਕੱਲ੍ਹ ਨੂੰ ਭਾਰਤੀ ਕ੍ਰਿਕਟ ਲਈ ਚੰਗਾ ਦਿਨ ਕਿਹਾ ਜਾ ਸਕਦਾ ਹੈ। ਇਸ ਦਾ ਕਾਰਨ ਹੈ ਬੀਤੇ ਕੱਲ੍ਹ ਭਾਰਤੀ ਕ੍ਰਿਕਟਰਾਂ ਵੱਲੋਂ ਬਣਾਏ ਕਈ ਰਿਕਾਰਡ। ਇਹ ਸਿਰਫ ਪੁਰਸ਼ ਕ੍ਰਿਕਟਰਾਂ ਨੇ ਹੀ ਨਹੀਂ ਬਲਕਿ ਮਹਿਲਾ ਕ੍ਰਿਕਟਰਾਂ ਨੇ ਵੀ ਬਣਾਏ ਹਨ। ਭਾਰਤੀ ਮੁਟਿਆਰਾਂ ਨੇ ਦੱਖਣੀ ਅਫਰੀਕਾ ਤੋਂ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ 2-0 ਦੇ ਫਰਕ ਨਾਲ ਜਿੱਤ ਲਈ ਹੈ। ਕੁੜੀਆਂ ਦਾ ਇਹ ਚੰਗਾ ਪ੍ਰਦਰਸ਼ਨ ਪੁਰਸ਼ ਟੀਮ ਦੀ ਜਿੱਤ ਵਿੱਚ ਹੀ ਲੁਕਿਆ ਰਹਿ ਗਿਆ। ਇੱਥੇ ਤੁਸੀਂ ਦੋਵਾਂ ਟੀਮਾਂ ਦੇ ਖਿਡਾਰੀਆਂ ਵੱਲੋਂ ਬਣਾਏ ਕੁਝ ਰਿਕਾਰਡਾਂ ਬਾਰੇ ਪੜ੍ਹ ਸਕਦੇ ਹੋ।

ਝੂਲਨ ਗੋਸਵਾਮੀ ਬਣੀ ਭਾਰਤ ਦੀ ਝੰਡਾਬਰਦਾਰ-



ਭਾਰਤ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੁਨੀਆ ਦੀ ਪਹਿਲੀ ਮਹਿਲਾ ਗੇਂਦਬਾਜ਼ ਬਣੀ ਹੈ ਜਿਸ ਨੇ ਆਪਣੇ ਇੱਕ ਦਿਨਾ ਕਰੀਅਰ ਵਿੱਚ 200 ਵਿਕਟਾਂ ਹਾਸਲ ਕੀਤੀਆਂ ਹਨ। ਝੂਲਨ ਨੇ ਇਹ ਕਾਰਨਾਮਾ ਬੁੱਧਵਾਰ ਨੂੰ ਦੱਖਣੀ ਅਫਰੀਕਾ ਨਾਲ ਹੋਏ ਆਪਣੇ 166ਵੇਂ ਇੱਕ ਦਿਨਾ ਮੈਚ ਵਿੱਚ ਪੂਰਾ ਕੀਤਾ। ਉਹ ਬੀਤੇ ਸਾਲ ਮਈ ਵਿੱਚ ਹੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਮਹਿਲਾ ਗੇਂਦਬਾਜ਼ ਬਣ ਗਈ ਸੀ। ਉਦੋਂ ਉਸ ਨੇ ਆਸਟ੍ਰੇਲੀਆ ਦੀ ਗੇਂਦਬਾਜ਼ ਕੈਥਰਿਨ ਫਿਟਜ਼ਪੈਟ੍ਰਿਕ ਦਾ 180 ਵਿਕਟਾਂ ਦਾ ਰਿਕਾਰਡ ਤੋੜਿਆ ਸੀ।

ਮੰਧਾਨਾ ਦੇ ਤਿੰਨ ਸੈਂਕੜਿਆਂ ਨੇ ਵਧਾਇਆ ਭਾਰਤ ਦਾ ਮਾਣ-



ਸਮ੍ਰਿਤੀ ਮੰਧਾਨਾ ਨੇ 129 ਗੇਂਦਾਂ ਵਿੱਚ 135 ਦੌੜਾਂ ਬਣਾ ਕੇ ਆਪਣੇ ਕਰੀਅਰ ਦਾ ਤੀਜਾ ਸੈਂਕੜਾ ਪੂਰਾ ਕਰ ਲਿਆ ਹੈ। ਮੰਧਾਨਾ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਬੱਲੇਬਾਜ਼ ਬਣ ਗਈ ਹੈ। ਬੁੱਧਵਾਰ ਨੂੰ ਕਿੰਬਰਲੇਅ ਵਿੱਚ ਦੱਖਣੀ ਅਫਰੀਕਾ ਵਿਰੁੱਧ ਖੇਡੇ ਮੈਚ ਨੂੰ ਭਾਰਤੀ ਕੁੜੀਆਂ 178 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਸੀ। ਮੰਧਾਨਾ ਨੇ ਤਿੰਨੇ ਸੈਂਕੜੇ ਭਾਰਤ ਤੋਂ ਬਾਹਰ ਹੀ ਜੜੇ ਹਨ। ਇਸ ਤੋਂ ਪਹਿਲਾਂ ਉਸ ਨੇ ਆਸਟ੍ਰੇਲੀਆ ਤੇ ਇੰਗਲੈਂਡ ਵਿੱਚ ਸੈਂਕੜੇ ਲਾਏ ਸੀ। ਉਹ ਦੱਖਣੀ ਅਫਰੀਕਾ ਦੀ ਟੀਮ ਵਿਰੁੱਧ ਸੈਂਕੜਾ ਲਾਉਣ ਵਾਲੀ ਪਹਿਲੀ ਭਾਰਤੀ ਬੱਲੇਬਾਜ਼ ਹੈ।

ਕੋਹਲੀ ਨੇ ਜੜਿਆ 34ਵਾਂ ਸੈਂਕੜਾ-

ਭਾਰਤ ਦੀ ਕੌਮਾਂਤਰੀ ਪੁਰਸ਼ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੀਤੇ ਕੱਲ੍ਹ ਦੱਖਣੀ ਅਫਰੀਕਾ ਵਿਰੁੱਧ ਆਪਣੇ ਇੱਕ ਦਿਨਾ ਕਰੀਅਰ ਦਾ 34ਵਾਂ ਸੈਂਕੜਾ ਜੜਿਆ। ਕੋਹਲੀ ਨੇ ਇਹ ਪ੍ਰਾਪਤੀ ਸਚਿਨ ਤੇਂਦੁਲਕਰ ਤੋਂ 101 ਪਾਰੀਆਂ ਪਹਿਲਾਂ ਹੀ ਪ੍ਰਾਪਤ ਕਰ ਲਈ। ਸਚਿਨ ਨੇ ਇੱਕ ਦਿਨਾ ਮੈਚ ਦੀ 298ਵੀਂ ਪਾਰੀ ਵਿੱਚ ਆਪਣੇ ਕਰੀਅਰ ਦਾ 34ਵਾਂ ਸੈਂਕੜਾ ਪੂਰਾ ਕੀਤਾ ਸੀ। ਵਿਰਾਟ ਕੋਹਲੀ ਨੇ ਇਹ ਕਾਰਨਾਮਾ 197ਵੀਂ ਪਾਰੀ ਵਿੱਚ ਹੀ ਕਰ ਲਿਆ।



ਕੋਹਲੀ ਨੇ ਬਤੌਰ ਕਪਤਾਨ ਸਭ ਤੋਂ ਵੱਧ ਸੈਂਕੜੇ ਲਾਉਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ। ਕੋਹਲੀ ਆਸਟ੍ਰੇਲੀਆਈ ਕਪਤਾਨ ਰਿੱਕੀ ਪੌਂਟਿੰਗ ਤੋਂ ਪਿੱਛੇ ਹਨ। ਪੌਂਟਿੰਗ ਨੇ ਆਪਣੇ ਇੱਕ ਦਿਨਾ ਮੈਚਾਂ ਦੇ ਕਰੀਅਰ ਵਿੱਚ 22 ਸੈਂਕੜੇ ਲਾਏ। ਕੋਹਲੀ ਨੇ ਹੁਣ ਤਕ 12 ਸੈਂਕੜੇ ਲਾ ਕੇ ਸੌਰਵ ਗਾਂਗੁਲੀ ਦਾ 11 ਸੈਂਕੜੇ ਲਾਉਣ ਵਾਲਾ ਰਿਕਾਰਡ ਤੋੜ ਦਿੱਤਾ ਹੈ।

ਰਨ ਮਸ਼ੀਨ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਵੀ ਆਪਣੇ ਨਾਂ ਕੀਤਾ ਹੈ। ਇੱਕ ਵਨ ਡੇਅ ਮੈਚ ਦੌਰਾਨ ਕੋਹਲੀ ਨੇ ਭੱਜ-ਭੱਜ ਕੇ ਹੀ ਆਪਣਾ ਸੈਂਕੜਾ ਪੂਰਾ ਕਰ ਲਿਆ। ਜੀ ਹਾਂ, ਬੀਤੇ ਕੱਲ੍ਹ ਵਾਲੇ ਮੈਚ ਵਿੱਚ ਕੋਹਲੀ ਨੇ ਦੌੜ ਕੇ ਇੱਕ, ਦੋ ਤੇ ਤਿੰਨ ਦੌੜਾਂ ਦੇ ਸਹਿਯੋਗ ਨਾਲ ਕੁੱਲ 100 ਦੌੜਾਂ ਬਣਾਈਆਂ ਬਾਕੀ ਦੇ 60 ਰਨ ਚੌਕੇ ਜਾਂ ਛੱਕੇ ਮਾਰ ਕੇ ਹਾਸਲ ਕੀਤੇ। ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਨੇ 1999 ਵਿੱਚ ਸ੍ਰੀਲੰਕਾ ਵਿਰੁੱਧ ਆਪਣੀ 130 ਦੌੜਾਂ ਦੀ ਪਾਰੀ ਵਿੱਚ 98 ਦੌੜਾਂ ਭੱਜ ਕੇ ਬਣਾਈਆਂ ਸਨ।