ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਜਨਤਾ ਡਾਢੀ ਪ੍ਰੇਸ਼ਾਨ ਹੈ। ਕੁਝ ਇਲਾਕਿਆਂ ’ਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਜਾ ਚੁੱਕੀ ਹੈ। ਤੇਲ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਫਲਾਂ, ਸਬਜ਼ੀਆਂ, ਖਾਣ-ਪੀਣ ਦੀਆਂ ਹੋਰ ਵਸਤਾਂ ਤੇ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਉੱਤੇ ਵੀ ਪੈ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੋਂ ਜਦੋਂ ਪੁੱਛਿਆ ਗਿਆ ਕਿ ਆਖ਼ਰ ਇਹ ਤੇਲ ਕੀਮਤਾਂ ਕਦੋਂ ਘਟਣਗੀਆਂ, ਤਾਂ ਉਨ੍ਹਾਂ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਇਸ ਨੂੰ ‘ਧਰਮ ਸੰਕਟ’ ਦੱਸਿਆ।
ਨਿਰਮਲਾ ਸੀਤਾਰਮਣ ਨੇ ਕਿਹਾ ਕਿ ਉਨ੍ਹਾਂ ਲਈ ਇਸ ਮਾਮਲੇ ’ਚ ਕੁਝ ਵੀ ਆਖਣਾ ਜਲਦਬਾਜ਼ੀ ਹੋਵੇਗੀ। ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੋਰੋਨਾ ਸੰਕਟ ਵੇਲੇ ਵੀ ਸਰਕਾਰ ਨੇ ਤੇਲ ਕੀਮਤਾਂ ਨਹੀਂ ਘਟਾਈਆਂ ਤੇ ਕੀ ਹੁਣ ਆਮ ਲੋਕਾਂ ਨੂੰ ਇਹ ਕੀਮਤਾਂ ਘਟਾ ਕੇ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ।
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਉੱਤੇ ਵਧਦੀਆਂ ਕੀਮਤਾਂ ਦਾ ਬੋਝ ਘਟਾਉਣ ਲਈ ਕੇਂਦਰ ਤੇ ਰਾਜਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਤੱਥ ਕਿਸੇ ਤੋਂ ਵੀ ਲੁਕਿਆ ਨਹੀਂ ਕਿ ਕੇਂਦਰ ਨੂੰ ਵੀ ਤੇਲ ਉੱਤੇ ਲੱਗੇ ਟੈਕਸ ਤੋਂ ਆਮਦਨ ਹੁੰਦੀ ਹੈ।
ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਉੱਤੇ ਟੈਕਸ ਘਟਾਉਣ ਲਈ ਕੇਂਦਰ ਅਤੇ ਰਾਜਾਂ ਵਿਚਾਲੇ ਆਪਸੀ ਤਾਲਮੇਲ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ।