ਚੰਡੀਗੜ੍ਹ: ਕੇਂਦਰ ਸਰਕਾਰ (Central Government) ਸਤੰਬਰ 2020 ‘ਚ ਤਿੰਨ ਖੇਤੀ ਕਾਨੂੰਨ (Farm Laws) ਲੈ ਕੇ ਆਈ ਜਿਸ ਦਾ ਸਾਰੇ ਦੇਸ਼ ਦੇ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਇਸ ਕਿਸਾਨ ਅੰਦੋਲਨ (Farmers Protest) ਦੀ ਸ਼ੁਰੂਆਤ ਬੇਸ਼ੱਕ ਪੰਜਾਬ ਦੇ ਕਿਸਾਨਾਂ ਨੇ ਕੀਤੀ ਤੇ ਇੱਕ ਲੰਬੀ ਲੜਾਈ ਦਾ ਐਲਾਨ ਕੀਤਾ ਪਰ ਇਸ ਦੇ ਨਾਲ ਹੀ ਹੋਰਨਾਂ ਸੂਬਿਆਂ ਦੇ ਕਿਸਾਨਾਂ ‘ਚ ਵੀ ਰੋਸ ਤੇ ਜੋਸ਼ ਆਇਆ ਤੇ ਉਨ੍ਹਾਂ ਵੱਲੋਂ ਵੀ ਕਾਨੂੰਨਾਂ ਖਿਲਾਫ ਆਵਾਜ਼ ਚੁੱਕੀ। ਇਸ ਕਿਸਾਨ ਅੰਦੋਲਨ ਦੀ ਆਵਾਜ਼ ਇੰਨੀ ਬੁਲੰਦ ਹੋਈ ਕਿ ਵਿਦੇਸ਼ਾਂ ‘ਚ ਬੈਠੇ ਲੋਕ ਤੇ ਸਰਕਾਰਾਂ ਵੀ ਭਾਰਤ ਦੇ ਕਿਸਾਨਾਂ ਨਾਲ ਖੜ੍ਹੀਆਂ ਨਜ਼ਰ ਆਈਆਂ। ਕਿਸਾਨ ਅੰਦੋਲਨ ਨੂੰ ਕਈ ਕਿਸਾਨ ਆਗੂਆਂ ਨੇ ਕਾਫੀ ਅੱਗੇ ਵਧਾਇਆ ਤੇ ਇਸ ਮੁਕਾਮ ‘ਤੇ ਲਿਆਂਦਾ ਜਿੱਥੇ ਉਹ ਹੁਣ ਲੋਕਾਂ ਦੇ ਦਿਲਾਂ ‘ਚ ਵਸ ਗਏ ਹਨ।
ਅਜਿਹਾ ਹੀ ਇੱਕ ਨੇਤਾ ਹੈ ਰਾਕੇਸ਼ ਟਿਕੈਤ (Rakesh Tikait)। ਦੱਸ ਦਈਏ ਕਿ ਬਾਲਿਆਨ ਖਾਪ ਦੇ ਪ੍ਰਭਾਵੀ ਸ਼ਖ਼ਸੀਅਤ ਮਹਿੰਦਰ ਸਿੰਘ ਟਿਕੈਤ ਦੀ ਮੌਤ ਤੋਂ ਬਾਅਦ ਵੱਡੇ ਬੇਟੇ ਯਾਨੀ ਰਾਕੇਸ਼ ਟਿਕੈਟ ਦੇ ਵੱਡੇ ਭਰਾ ਨਰੇਸ਼ ਟਿਕੈਤ ਨੂੰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ। ਹਾਲਾਂਕਿ ਸੰਗਠਨ ਦੇ ਕਾਰਜਕਾਰੀ ਰਾਕੇਸ਼ ਟਿਕੈਤ ਹੀ ਹਨ।
ਮਹਿੰਦਰ ਟਿਕੈਤ ਨੇ ਹੀ ਭਾਰਤੀ ਕਿਸਾਨ ਯੂਨੀਅਨ ਨੂੰ ਖੜ੍ਹਾ ਕੀਤਾ ਸੀ। ਉਨ੍ਹਾਂ ਕਰਕੇ ਰਾਕੇਸ਼ ਟਿਕੈਤ ਨੂੰ ਪਛਾਣ ਮਿਲੀ। ਦੱਸ ਦਈਏ ਕਿ ਰਾਕੇਸ਼ ਟਿਕੈਤ ਕਿਸੇ ਸਮੇਂ ਦਿੱਲੀ ਪੁਲਿਸ ‘ਚ ਸੀ, ਪਰ ਕਿਸਾਨਾਂ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋ ਵਾਰ ਚੋਣਾਂ ਵੀ ਲੜੀਆਂ ਪਰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵੀ ਰਾਕੇਸ਼ ਟਿਕੈਤ ਨੇ ਹਿੰਮਤ ਨਹੀਂ ਛੱਡੀ। ਇਸੇ ਤਰ੍ਹਾਂ ਉਨ੍ਹਾਂ ਦੀ ਹਿੰਮਤ ਹੁਣ ਵੀ ਬਰਕਰਾਰ ਹੈ ਤੇ ਉਨ੍ਹਾਂ ਨੇ ਕਰੀਬ ਕਰੀਬ ਖ਼ਤਮ ਹੋ ਰਹੇ ਕਿਸਾਨ ਅੰਦੋਲਨ ‘ਚ ਨਵੀਂ ਜਾਨ ਪਾ ਦਿੱਤੀ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਦੀ ਕਮਾਨ ਸੰਭਾਲਣ ਵਾਲੇ ਰਾਕੇਸ਼ ਟਿਕੈਤ ਕਿਸਾਨਾਂ ਦੇ ਹਿੱਤ ਦੀ ਗੱਲ ਸਰਕਾਰ ਅੱਗੇ ਬੇਬਾਕੀ ਨਾਲ ਰੱਖਦੇ ਹਨ। ਉਨ੍ਹਾਂ ਦਾ ਸੰਗਠਨ ਉੱਤਰ ਪ੍ਰਦੇਸ਼ ਸਮੇਤ ਸਾਰੇ ਦੇਸ਼ ‘ਚ ਫੈਲਿਆ ਹੋਇਆ ਹੈ। ਗੱਲ ਕਰੀਏ ਰਾਕੇਸ਼ ਟਿਕੈਤ ਦੀ ਪੜ੍ਹਾਈ ਦੀ ਤਾਂ ਉਨ੍ਹਾਂ ਨੇ ਮੇਰਠ ਯੂਨੀਵਰਸਿਟੀ ਤੋਂ ਐਮਏ ਦੀ ਪੜ੍ਹਾਈ ਕੀਤੀ ਹੋਈ ਹੈ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ (LLB) ਵੀ ਕੀਤੀ ਹੈ।
ਉਹ ਸਾਲ 1992 ‘ਚ ਦਿੱਲੀ ਪੁਲਿਸ ‘ਚ ਨੌਕਰੀ ਕਰਦੇ ਸੀ। ਸਾਲ 1993-94 ‘ਚ ਉਨ੍ਹਾਂ ਦੇ ਪਿਤਾ ਦੀ ਅਗਵਾਈ ‘ਚ ਕਿਸਾਨ ਅੰਦੋਲਨ ਚੱਲ ਰਿਹਾ ਸੀ। ਸਰਕਾਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਭਰਾ ਤੇ ਪਿਓ ਦਾ ਅੰਦੋਲਨ ਖ਼ਤਮ ਕਰਵਾਉਣ। ਇਸ ਮਗਰੋਂ ਰਾਕੇਸ਼ ਨੇ ਨੌਕਰੀ ਨੂੰ ਨਾਂਹ ਕਰਕੇ ਆਪਣੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਪਿਤਾ ਮਹਿੰਦਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬੀਕੇਯੂ ਦੀ ਕਮਾਨ ਸੰਭਾਲੀ।
ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਦੋ ਵਾਰ ਰਾਜਨੀਤੀ ‘ਚ ਹੱਥ ਅਜ਼ਮਾਇਆ। ਉਨ੍ਹਾਂ ਨੇ ਪਹਿਲੀ ਵਾਰ ਸਾਲ 2007 ‘ਚ ਮੁਜ਼ਫਰਨਗਰ ਦੀ ਖਤੌਲੀ ਤੋਂ ਵਿਧਾਨ ਸਭਾ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਹਾਰ ਗਏ। ਫਿਰ ਉਨ੍ਹਾਂ ਨੇ 2014 ‘ਚ ਅਮਰੋਹਾ ਜਨਪਦ ਤੋਂ ਰਾਸ਼ਟਰੀ ਲੋਕ ਦਲ ਦੀ ਟਿਕਟ ‘ਤੇ ਚੋਣ ਲੜੀ ਤੇ ਇਸ ਵਾਰ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਕੇਸ਼ ਟਿਕੈਤ ਕਿਸਾਨ ਸੰਘਰਸ਼ ਦੌਰਾਨ 44 ਵਾਰ ਜੇਲ੍ਹ ਗਏ ਹਨ। ਇੱਕ ਵਾਰ ਮੱਧ ਪ੍ਰਦੇਸ਼ ਵਿੱਚ, ਉਨ੍ਹਾਂ ਨੂੰ ਭੂਮੀ ਗ੍ਰਹਿਣ ਐਕਟ ਵਿਰੁੱਧ 39 ਦਿਨ ਜੇਲ੍ਹ ਵਿੱਚ ਰਹਿਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦੇ ਸੰਸਦ ਭਵਨ ਦੇ ਬਾਹਰ ਗੰਨੇ ਦੇ ਸਮਰਥਨ ਮੁੱਲ ਵਧਾਉਣ ਦੇ ਮੁੱਦੇ ‘ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਫਿਰ ਉਨ੍ਹਾਂ ਨੇ ਗੰਨੇ ਸਾੜ ਕੇ ਵਿਰੋਧ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ। ਰਾਜਸਥਾਨ ਵਿੱਚ ਵੀ ਉਨ੍ਹਾਂ ਨੇ ਇੱਕ ਵਾਰ ਕਿਸਾਨਾਂ ਦੇ ਹਿੱਤ ਵਿੱਚ ਬਾਜਰਾ ਦੇ ਸਮਰਥਨ ਮੁੱਲ ਵਿੱਚ ਵਾਧਾ ਕਰਨ ਦੀ ਮੰਗ ‘ਤੇ ਪ੍ਰਦਰਸ਼ਨ ਕੀਤਾ। ਇਸ ਵਾਰ ਵੀ ਉਨ੍ਹਾਂ ਨੂੰ ਜੈਪੁਰ ਜੇਲ੍ਹ ਜਾਣਾ ਪਿਆ।
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੇ ਹੰਝੂਆਂ ਨਾਲ ਕਿਸਾਨ ਅੰਦੋਲਨ ਵਿੱਚ ਯੂ-ਟਰਨ, ਗਾਜ਼ੀਪੁਰ ਵਿੱਚ ਕੁਝ ਹੀ ਘੰਟਿਆਂ ਵਿੱਚ ਬਦਲੀ ਤਸਵੀਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904