ਨਵੀਂ ਦਿੱਲੀ: ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਐਮਰਜੈਂਸੀ ਵਾਰਡ ਨੇੜੇ ਟੀਚਿੰਗ ਬਲਾਕ ਦੀ ਪਹਿਲੀ ਤੇ ਦੂਸਰੀ ਮੰਜ਼ਲ 'ਤੇ ਲੱਗੀ। ਘਟਨਾ ਦੀ ਖ਼ਬਰ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ 34 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਸਾਵਧਾਨੀ ਵਜੋਂ ਐਮਰਜੈਂਸੀ ਵਾਰਡ ਨੂੰ ਬੰਦ ਕਰ ਦਿੱਤਾ ਗਿਆ ਹੈ। ਮਰੀਜ਼ਾਂ ਵੀ ਸ਼ਿਫਟ ਕਰ ਦਿੱਤੇ ਗਏ ਹਨ। ਕੁਝ ਹੋਰ ਬਲਾਕ ਤੋਂ ਵੀ ਮਰੀਜ਼ ਸ਼ਿਫਟ ਕੀਤੇ ਗਏ ਹਨ। ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਜਾਣਕਾਰੀ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਦਿਆਂ ਹੀ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ। ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧੂੰਆਂ ਹਰ ਪਾਸੇ ਫੈਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਟੀਚਿੰਗ ਬਲਾਕ ਵਿੱਚ ਲੱਗੀ ਸੀ ਤੇ ਸ਼ਾਮ ਵੇਲੇ ਇਹ ਖਾਲੀ ਸੀ। ਇੱਥੇ ਬਹੁਤ ਸਾਰੀਆਂ ਲੈਬਜ਼ ਤੇ ਪ੍ਰੋਫੈਸਰਾਂ ਦੇ ਕੈਬਿਨ ਹਨ। ਫਾਇਰ ਟੈਂਡਰਜ਼ ਸ਼ੀਸ਼ੇ ਤੋੜ ਕੇ ਅੰਦਰ ਦਾਖਲ ਹੋਏ।
ਟੀਚਿੰਗ ਬਲੌਕ ਇੱਕ ਗੈਰ-ਮਰੀਜ਼ ਵਾਲਾ ਬਲਾਕ ਹੈ, ਯਾਨੀ ਇੱਥੇ ਕੋਈ ਮਰੀਜ਼ ਨਹੀਂ ਰਹਿੰਦੇ। ਬਲਾਕ ਵਿੱਚ ਇਕ ਰਿਸਰਚ ਲੈਬ, ਡਾਕਟਰਾਂ ਦਾ ਕਮਰੇ ਆਦਿ ਹਨ। ਹਾਲਾਂਕਿ, ਇਹ ਏਮਜ਼ ਦੇ ਐਮਰਜੈਂਸੀ ਵਾਰਡ ਦੇ ਨਾਲ ਲਗਦੀ ਹੈ। ਇਸੇ ਕਾਰਨ ਐਮਰਜੈਂਸੀ ਵਾਰਡ ਨੂੰ ਖਾਲੀ ਕਰਵਾ ਲਿਆ ਗਿਆ ਹੈ ਤੇ ਮਰੀਜ਼ਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਤਬਦੀਲ ਕਰ ਦਿੱਤਾ ਗਿਆ ਹੈ। ਅੱਗ ਨਾਲ ਪ੍ਰਭਾਵਿਤ ਹੋਏ ਹਿੱਸਿਆਂ ਵਿੱਚ ਐਮਰਜੈਂਸੀ ਲੈਬ, ਬੀ ਬਲਾਕ, ਵਾਰਡ ਏਬੀ1 ਤੇ ਸੁਪਰਸਪੈਸ਼ਲਿਟੀ ਓਪੀਡੀ ਏਰੀਆ ਸ਼ਾਮਲ ਹਨ।