ਕਾਸਗੰਜ: ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ 'ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ 'ਚ ਗੋਲ਼ੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਝਗੜੇ 'ਚ 9 ਜ਼ਖ਼ਮੀ ਵੀ ਹੋਏ ਹਨ। ਕਾਸਗੰਜ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਏ.ਬੀ.ਵੀ.ਪੀ. ਦੇ ਮੈਂਬਰਾਂ 'ਚ ਰੈਲੀ ਕੱਢਦਿਆਂ ਝਗੜਾ ਸ਼ੁਰੂ ਹੋ ਗਿਆ।

ਇਸ ਝਗੜੇ ਦੌਰਾਨ ਗੋਲ਼ੀ ਚੱਲਣ ਤੋਂ ਬਾਅਦ ਪਥਰਾਅ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਵੀ ਹੋਈਆਂ। ਆਈ.ਜੀ. ਡਾ. ਸੰਜੀਵ ਗੁਪਤਾ ਨੇ ਦੱਸਿਆ ਕਿ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਕਈ ਜ਼ਿਲ੍ਹਿਆਂ ਤੋਂ ਫੋਰਸ ਮੰਗਵਾ ਕੇ ਮਾਹੌਲ ਸ਼ਾਂਤ ਕੀਤਾ ਗਿਆ।

ਆਗਰਾ ਜ਼ੋਨ ਦੇ ਅਫ਼ਸਰ ਅਜੇ ਆਨੰਦ ਨੇ ਦੱਸਿਆ ਕਿ ਕਾਸਗੰਜ 'ਚ ਵੀ ਫੋਰਸ ਲਗਾਈ ਗਈ ਹੈ। ਹੰਗਾਮਾ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਲਾਕੇ 'ਚ ਧਾਰਾ 144 ਲਗਾ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਦਰਜਨਾਂ ਮੁੰਡੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਤਿਰੰਗਾ ਯਾਤਰਾ ਕੱਢ ਰਹੇ ਸਨ। ਇਸ ਦੌਰਾਨ ਨਾਅਰੇਬਾਜ਼ੀ ਕਰਦਿਆਂ ਦਾ ਝਗੜਾ ਹੋ ਗਿਆ। ਝਗੜੇ 'ਚ ਗੋਲੀ ਚੱਲੀ ਜੋ ਕਿ ਚੰਦਨ ਨਾਂ ਦੇ ਨੌਜਵਾਨ ਨੂੰ ਲੱਗੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਯੂ.ਪੀ. 'ਚ ਹੁਣੇ-ਹੁਣੇ ਓ.ਪੀ. ਸਿੰਘ ਨੂੰ ਨਵਾਂ ਡੀ.ਜੀ.ਪੀ. ਤਾਇਨਾਤ ਕੀਤਾ ਗਿਆ ਹੈ।