ਸਿਰਸਾ: ਐਤਵਾਰ ਦੀ ਰਾਤ ਇੱਕ ਕਾਰ ਤੇ ਟਰੱਕ ਦੀ ਟੱਕਰ ‘ਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਹਾਦਸਾ ਐਤਵਾਰ ਦੇਰ ਰਾਤ ਪਿੰਡ ਸਾਹੁਵਾਲਾ-ਪੰਨੀਵਾਲਾਮੋਟਾ ਰੋਡ ‘ਤੇ ਹੋਇਆ। ਟੱਕਰ ਇੰਨੀ ਭਿਆਨਕ ਸੀ ਕਿ ਇਸ ‘ਚ ਕਾਰ ਚਕਨਾਚੂਰ ਹੋ ਗਈ ਤੇ ਸੜਕ ‘ਤੇ ਲਾਸ਼ਾਂ ਵਿੱਛ ਗਈਆਂ।

ਮ੍ਰਿਤਕਾਂ ਦੀ ਪਛਾਣ ਡੱਬਵਾਲੀ ਦੇ ਵਾਰਡ ਨੰਬਰ 10 ਵਾਸੀ ਵਿਕਾਸ ਬਾਂਸਲ, ਉਸ ਦੀ ਪਤਨੀ ਸ਼ੀਨੂ, 11 ਸਾਲਾ ਧੀ ਭਵਿਆ, ਭਰਾ ਘਨਸ਼ਿਆਮ ਬਾਂਸਲ ਤੇ ਉਸ ਦੀ ਪਤਨੀ ਏਕਤਾ ਵਜੋਂ ਹੋਈ ਹੈ। ਘਨਸ਼ਿਆਮ ਤੇ ਏਕਤਾ ਦਾ ਵਿਆਹ 27 ਜੂਨ ਨੂੰ ਹੀ ਹੋਇਆ ਸੀ। ਇਸ ਹਾਦਸੇ ਤੋਂ ਬਾਅਦ ਸਭ ਸਦਮੇ ‘ਚ ਹਨ। ਜਿਸ ਘਰ ‘ਚ ਕੁਝ ਦਿਨ ਪਹਿਲਾਂ ਖੁਸ਼ੀਆਂ ਦਾ ਮਾਹੌਲ ਸੀ, ਉੱਥੇ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।

ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ‘ਚ ਤਿੰਨ ਦੀ ਮੌਤ ਮੌਕੇ ‘ਤੇ ਹੀ ਹੋ ਗਈ ਤੇ ਬਾਕੀ ਦੋ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ।