ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨ ਤੇ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ’ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਸਨਿੱਚਰਵਾਰ ਨੂੰ ਰਾਜਸਥਾਨ ’ਚ ਭਾਜਪਾ ਦੀ ਸਹਿਯੋਗੀ ਰਹੀ ‘ਰਾਸ਼ਟਰੀ ਲੋਕਤਾਂਤ੍ਰਿਕ ਪਾਰਟੀ’ ਨੇ ਐਨਡੀਏ ਦਾ ਸਾਥ ਛੱਡ ਦਿੱਤਾ ਹੈ। ਪਿਛਲੇ ਚਾਰ ਮਹੀਨਿਆਂ ’ਚ ਐਨਡੀਏ ਛੱਡਣ ਵਾਲੀ ਇਹ ਚੌਥੀ ਪਾਰਟੀ ਹੈ।


ਇਸ ਤੋਂ ਪਹਿਲਾਂ ਸਤੰਬਰ ’ਚ ਕਿਸਾਨਾਂ ਦੇ ਮੁੱਦੇ ਉੱਤੇ ਭਾਜਪਾ ਦੇ ਸਭ ਤੋਂ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਦਾ ਸਾਥ ਛੱਡ ਦਿੱਤਾ ਸੀ। ਮੋਦੀ ਸਰਕਾਰ ’ਚ ਮੰਤਰੀ ਰਹੇ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਮੁੱਦੇ ’ਤੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਅਕਤੂਬਰ ’ਚ ਪੀਸੀ ਥਾਮਸ ਦੀ ਅਗਵਾਈ ਹੇਠਲੀ ਕੇਰਲ ਕਾਂਗਰਸ ਨੇ ਵੀ ਐਨਡੀਏ ਦਾ ਸਾਥ ਛੱਡ ਦਿੱਤਾ ਸੀ। ਦਸੰਬਰ ਤੱਕ ਆਸਾਮ ਵਿੱਚ ਬੋਡੋਲੈਂਡ ਪੀਪਲ’ਜ਼ ਫ਼੍ਰੰਟ ਵੀ ਐਨਡੀਏ ਦਾ ਸਾਥ ਛੱਡ ਗਿਆ ਸੀ।

ਸਾਲ 2014 ਦੇ ਮੁਕਾਬਲੇ ਹੁਣ ਐਨਡੀਏ ਵਿੱਚ ਸਿਰਫ਼ 16 ਪਾਰਟੀਆਂ ਰਹਿ ਗਈਆਂ ਹਨ। ਕੁਝ ਨਵੀਂਆਂ ਪਾਰਟੀਆਂ ਵੀ ਐਨਡੀਏ ’ਚ ਸ਼ਾਮਲ ਹੋਈਆਂ ਹਨ; ਜਿਵੇਂ ਬਿਹਾਰ ’ਚ ਜੀਤਨ ਰਾਮ ਮਾਂਝੀ ਦੀ ‘ਹਮ’, ਮੁਕੇਸ਼ ਸਾਹਨੀ ਦੀ ਵੀਆਈਪੀ। ਇਸੇ ਤਰ੍ਹਾਂ ਆਸਾਮ ਵਿੱਚ ਪ੍ਰਮੋਦ ਬੋਰੋ ਦੀ ਪਾਰਟੀ ‘ਯੂਨਾਈਟਿਡ ਪੀਪਲ’ਜ਼ ਪਾਰਟੀ’ ਨੇ ਬੀਟੀਸੀ ਚੋਣਾਂ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਕੀਤਾ ਹੈ।

2014 ਤੋਂ ਬਾਅਦ ਸਭ ਤੋਂ ਪਹਿਲਾਂ ਹਰਿਆਣਾ ਜਨਹਿਤ ਕਾਂਗਰਸ ਨੇ ਭਾਜਪਾ ਦਾ ਸਾਥ ਛੱਡਿਆ ਸੀ; ਜਦੋਂ ਕੁਲਦੀਪ ਬਿਸ਼ਨੋਈ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਬਾਅਦ ਹੀ ਐੱਨਡੀਏ ਨੂੰ ਅਲਵਿਦਾ ਆਖ ਗਏ ਸਨ। ਉਸੇ ਵਰ੍ਹੇ ਤਾਮਿਲ ਨਾਡੂ ਦੇ MDMK ਨੇ 2016 ’ਚ ਡੀਐਮਡੀਕੇ, ਪੀਐਮਕੇ ਵੀ ਐਨਡੀਏ ਦਾ ਸਾਥ ਛੱਡ ਗਈਆਂ ਸਨ।

ਆਂਧਰਾ ਪ੍ਰਦੇਸ਼ ’ਚ ਜਨ ਸੈਨਾ ਵੀ 2014 ’ਚ, ਕੇਰਲ ਦੀ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ 2016 ’ਚ, 2017 ’ਚ ਮਹਾਰਾਸ਼ਟਰ ਦੀ ਸਵਾਭੀਮਾਨ ਪਕਸ਼ ਪਾਰਟੀ ਵੀ ਐਨਡੀਏ ਦਾ ਸਾਥ ਛੱਡ ਗਈਆਂ ਸਨ। 2018 ’ਚ ਤੇਲਗੂ ਦੇਸਮ ਪਾਰਟੀ ਤੇ ਪੀਡੀਪੀ, 2019 ’ਚ ਸ਼ਿਵ ਸੈਨਾ ਵੀ ਵੱਖ ਹੋ ਗਈਆਂ ਸਨ।