ਪਾਨੀਪਤ: ਆਪਣਾ ਪਿਆਰ ਪੂਰ ਚੜ੍ਹਾਉਣ ਲਈ ਕੋਈ ਕਿਸ ਹੱਦ ਤੱਕ ਡਿੱਗ ਸਕਦਾ ਹੈ, ਇਹ ਫ਼ਿਲਮਾਂ ਵਿੱਚ ਆਮ ਹੀ ਵੇਖਿਆ ਜਾ ਸਕਦਾ ਹੈ। ਕੀ ਅਸਲ ਜ਼ਿੰਦਗੀ ਵਿੱਚ ਕੋਈ ਇੰਨਾ ਡਿੱਗ ਸਕਦਾ ਹੈ ਕਿ ਪਰਿਵਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਆਪਣੇ ਸਾਥੀ ਦਾ ਕਤਲ ਇੰਨੇ ਬੁਰੇ ਤਰੀਕੇ ਨਾਲ ਕਰ ਦੇਵੇ ਕਿ ਪਛਾਣਿਆ ਵੀ ਨਾ ਜਾ ਸਕੇ।
ਅਜਿਹਾ ਇੱਕ ਮਾਮਲਾ ਪਾਨੀਪਤ ਵਿੱਚ ਸਾਹਮਣੇ ਆਇਆ ਹੈ। ਕ੍ਰਿਸ਼ਣ ਨਾਂ ਦਾ ਮੁੰਡਾ ਜਯੋਤੀ ਤੇ ਸਿਮਰਨ ਨਾਂ ਦੀਆਂ ਕੁੜੀਆਂ ਨਾਲ ਪੜ੍ਹਦਾ ਸੀ। ਕ੍ਰਿਸ਼ਣ ਤੇ ਜਯੋਤੀ ਪ੍ਰੇਮੀ ਸਨ। ਉਹ ਵੱਖਰੀ ਜਾਤ ਹੋਣ ਕਰਕੇ ਆਪਣੇ ਪਰਿਵਾਰ ਤੋਂ ਡਰਦੇ ਸੀ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਨਹੀਂ ਹੋਣ ਦੇਣਾ। ਇਸ ਲਈ ਉਨ੍ਹਾਂ ਇਹ ਸਾਜ਼ਿਸ਼ ਘੜੀ ਕਿ ਕਿਸੇ ਤਰ੍ਹਾਂ ਜਯੋਤੀ ਆਪਣੇ ਆਪ ਨੂੰ ਮ੍ਰਿਤਕ ਸਾਬਤ ਕਰ ਦੇਵੇ ਤੇ ਇੱਥੋਂ ਕਿਤੇ ਦੂਰ ਜਾ ਕੇ ਆਪਣਾ ਪ੍ਰੇਮੀ ਨਾਲ ਘਰ ਵਸਾ ਲਵੇ।
ਆਪਣੀ ਸਾਜਿਸ਼ 'ਤੇ ਕੰਮ ਕਰਦਿਆਂ ਉਨ੍ਹਾਂ ਬੀਤੇ ਮੰਗਲਵਾਰ ਸਥਾਨਕ ਗਊਸ਼ਾਲਾ ਵਿੱਚ ਸਿਮਰਨ ਨੂੰ ਬੁਲਾ ਲਿਆ ਤੇ ਉਸ ਨੂੰ ਨਸ਼ੀਲਾ ਪਦਾਰਥ ਪਿਆ ਕੇ ਗਲ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿੱਚ ਜਯੋਤੀ ਨੇ ਆਪਣੇ ਕੱਪੜੇ ਸਿਮਰਨ ਨੂੰ ਪਵਾ ਦਿੱਤੇ ਤੇ ਉਸ ਦਾ ਮੂੰਹ ਤੇਜ਼ਾਬ ਪਾ ਕੇ ਸਾੜ ਦਿੱਤਾ। ਜਯੋਤੀ ਨੇ ਉਸ ਕੋਲ ਆਪਣਾ ਪਛਾਣ ਪੱਤਰ ਵੀ ਸੁੱਟ ਦਿੱਤਾ ਤਾਂ ਜੋ ਸਿਮਰਨ ਦੀ ਲਾਸ਼ ਨੂੰ ਜਯੋਤੀ ਦੀ ਲਾਸ਼ ਸਮਝਿਆ ਜਾਵੇ।
ਇਸ ਤੋਂ ਬਾਅਦ ਉਹ ਸ਼ਿਮਲਾ ਆ ਗਏ ਤੇ ਇੱਕ ਹੋਟਲ ਵਿੱਚ ਰੁਕ ਗਏ। ਪੁਲਿਸ ਨੇ ਸਿਮਰਨ ਦੀ ਲਾਸ਼ ਨੂੰ ਜਯੋਤੀ ਦੀ ਲਾਸ਼ ਹੀ ਸਮਝਿਆ ਤੇ ਕਾਰਵਾਈ ਕਰ ਦਿੱਤੀ। ਇੱਕ ਹੋਰ ਸੂਚਨਾ 'ਤੇ ਕ੍ਰਿਸ਼ਣ ਦੀ ਭਾਲ ਕਰਦਿਆਂ ਪੁਲਿਸ ਸ਼ਿਮਲਾ ਆ ਗਈ ਤੇ ਉਸੇ ਹੋਟਲ ਵਿੱਚ ਛਾਪਾ ਮਾਰਿਆ ਜਿੱਥੇ ਪ੍ਰੇਮੀ ਜੋੜਾ ਰੁਕਿਆ ਸੀ। ਉੱਥੇ ਪਹੁੰਚ ਕੇ ਕ੍ਰਿਸ਼ਣ ਨਾਲ ਜਯੋਤੀ ਨੂੰ ਅਰਧਨਗਨ ਅਵਸਥਾ 'ਚ ਕਾਬੂ ਕਰ ਲਿਆ।
ਜਦੋਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਵਾਪਸ ਪਾਨੀਪਤ ਲਿਆਂਦਾ ਤਾਂ ਉਨ੍ਹਾਂ ਸਾਰੀ ਸਾਜਿਸ਼ ਦੱਸ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨਾਲ ਇੱਕ ਹੋਰ ਮੁੰਡਾ ਸ਼ਾਮਲ ਸੀ ਪਰ ਉਹ ਉਨ੍ਹਾਂ ਦੇ ਬੁਲਾਵੇ ਮੁਤਾਬਕ ਨਹੀਂ ਪਹੁੰਚਿਆ। ਮੰਗਲਵਾਰ ਨੂੰ ਜਦੋਂ ਉਨ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉੱਥੇ ਉਨ੍ਹਾਂ ਦੀ ਕੋਚਿੰਗ ਅਧਿਆਪਕਾ ਵੀ ਪੁੱਜ ਗਈ ਸੀ ਜਿਸ ਨੂੰ ਵੇਖ ਕੇ ਉਹ ਘਬਰਾ ਗਏ ਤੇ ਮੌਕੇ ਤੋਂ ਭੱਜ ਗਏ। ਜਯੋਤੀ ਦੇ ਸਹੀ ਸਲਾਮਤ ਮਿਲਣ ਤੋਂ ਬਾਅਦ ਉਸ ਦੀ ਸਮਝੀ ਜਾ ਰਹੀ ਲਾਸ਼ ਦੀ ਸਹੀ ਸ਼ਨਾਖ਼ਤ ਵੀ ਸਿਮਰਨ ਦੇ ਰੂਪ ਵਿੱਚ ਕੀਤੀ ਗਈ ਹੈ।