ਰੌਬ੍ਰਟ ਦੀ ਰਿਪੋਰਟ
ਨਵੀਂ ਦਿੱਲੀ/ਚੰਡੀਗੜ੍ਹ: ਲੌਕਡਾਊਨ ਦੌਰਾਨ ਸੜਕਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦੀ ਗਿਣਤੀ ਦੇ ਬਾਰੇ ਸਰਕਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਦਿੱਤਾ ਹੈ ਕਿ ਇਸ ਸਬੰਧੀ ਕੋਈ ਅਧਿਕਾਰਤ ਅੰਕੜਾ ਨਹੀਂ ਪਰ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਸੜਕ ਆਵਾਜਾਈ ਮੰਤਰਾਲੇ ਨੇ ਇੰਨਾ ਕਿਹਾ ਹੈ ਕਿ ਮਾਰਚ ਤੋਂ ਜੂਨ ਤੱਕ ਦੇਸ਼ ਭਰ ਦੀਆਂ ਸੜਕਾਂ ਤੇ ਹੋਏ ਸੜਕ ਹਾਦਸਿਆਂ ਵਿੱਚ 29 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।ਇੰਨਾ ਹੀ ਨਹੀਂ, ਸਰਕਾਰ ਨੇ ਇਸ ਜਵਾਬ ਵਿੱਚ ਇਹ ਵੀ ਦੱਸਿਆ ਹੈ ਕਿ ਤਾਲਾਬੰਦੀ ਦੌਰਾਨ 1 ਕਰੋੜ ਤੋਂ ਵੱਧ ਮਜ਼ਦੂਰ ਆਪਣੇ ਪਿੰਡਾਂ ਤੇ ਕਸਬਿਆਂ ਨੂੰ ਪਰਤੇ ਹਨ। ਸਰਕਾਰ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਅੰਕੜਿਆਂ ਦੇ ਅਧਾਰ ’ਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਜਿਸ ਸਮੇਂ ਦੌਰਾਨ ਦਾ ਇਹ ਅੰਕੜਾ ਹੈ। ਉਸ ਸਮੇਂ ਦੇਸ਼ ਵਿੱਚ ਵੱਖ-ਵੱਖ ਪੜਾਵਾਂ ਵਿੱਚ ਲੌਕਡਾਊਨ ਲੱਗਿਆ ਹੋਇਆ ਸੀ, ਇਸ ਲਈ ਇਨ੍ਹਾਂ ਮੌਤਾਂ 'ਚ ਪ੍ਰਵਾਸੀ ਮਜ਼ਦੂਰ ਵੀ ਹੋ ਸਕਦੇ ਹਨ।
ਕੇਂਦਰੀ ਸੜਕ ਤੇ ਆਵਾਜਾਈ ਮੰਤਰਾਲੇ ਨੇ ਲੋਕ ਸਭਾ ਵਿੱਚ ਦਿੱਤੇ ਇੱਕ ਜਵਾਬ ਵਿੱਚ ਦੱਸਿਆ ਕਿ ਮਾਰਚ ਤੋਂ ਜੂਨ ਦੇ ਵਿੱਚ ਰਾਸ਼ਟਰੀ ਰਾਜਮਾਰਗਾਂ ਅਤੇ ਹੋਰ ਮਾਰਗਾਂ ‘ਤੇ ਕੁੱਲ 81,385 ਸੜਕ ਹਾਦਸੇ ਹੋਏ ਤੇ ਇਨ੍ਹਾਂ ਹਾਦਸਿਆਂ ਵਿੱਚ 29,415 ਵਿਅਕਤੀਆਂ ਦੀ ਮੌਤ ਹੋਈ ਹੈ। ਹਾਲਾਂਕਿ, ਇਸ ਸਭ ਦੇ ਵਿਚਕਾਰ, ਮੰਤਰਾਲੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ 29,415 ਲੋਕਾਂ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰ ਸੀ ਇਸ ਬਾਰੇ ਕੋਈ ਵੱਖਰਾ ਅੰਕੜਾ ਨਹੀਂ ਹੈ।
ਸਰਕਾਰ ਵੱਲੋਂ ਲੋਕ ਸਭਾ ਵਿੱਚ ਦਿੱਤੀ ਜਾਣਕਾਰੀ ਤੋਂ ਬਾਅਦ ਵਿਰੋਧੀ ਪਾਰਟੀਆਂ ਹੁਣ ਸਰਕਾਰ ਨੂੰ ਘੇਰ ਰਹੀਆਂ ਹਨ। ਵਿਰੋਧੀ ਧਿਰ ਇਹ ਸਵਾਲ ਖੜ੍ਹਾ ਕਰ ਰਹੀ ਹੈ ਕਿ ਭਾਵੇਂ ਸਰਕਾਰ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦੀ ਗਿਣਤੀ ਸਿੱਧੇ ਤੌਰ ‘ਤੇ ਦੇਣ ਲਈ ਤਿਆਰ ਨਹੀਂ ਪਰ ਇਹ ਅੰਕੜਾ ਉਦੋਂ ਸਾਹਮਣੇ ਆਇਆ ਹੈ ਜਦੋਂ ਦੇਸ਼ ਵਿਚ ਲੌਕਡਾਊਨ ਦੇ ਵੱਖ-ਵੱਖ ਪੜਾਅ ਚੱਲ ਰਹੇ ਸੀ। ਇਸ ਵਿਚੋਂ ਪਹਿਲੇ 35 ਤੋਂ 40 ਦਿਨ ਦੇਸ਼ ਵਿਚ ਪੂਰੀ ਤਰ੍ਹਾਂ ਬੰਦ ਦਾ ਮਾਹੌਲ ਸੀ। ਇਹ ਉਹੀ ਸਮਾਂ ਹੈ ਜਦੋਂ ਲੱਖਾਂ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਪੈਦਲ ਚੱਲ ਰਹੇ ਸੀ ਅਤੇ ਇਸੇ ਦੌਰਾਨ ਸੜਕਾਂ ਤੇ ਪ੍ਰਵਾਸੀ ਮਜ਼ਦੂਰਾਂ ਦੀ ਹਾਦਸਿਆਂ 'ਚ ਮੌਤ ਹੋਣ ਦੀਆਂ ਖਬਰਾਂ ਵੀ ਆਈਆਂ ਸੀ।
ਇੱਕ ਟਵੀਟ ਵਿੱਚ, ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ
ਇਹ ਇੱਕ ਵੱਡੀ ਜਾਣਕਾਰੀ ਹੈ। ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਮਾਰਚ ਤੋਂ ਜੂਨ ਦਰਮਿਆਨ 81,385 ਸੜਕ ਹਾਦਸੇ ਹੋਏ ਹਨ, ਜਿਨ੍ਹਾਂ ਵਿੱਚ 29,415 ਲੋਕਾਂ ਦੀ ਮੌਤ ਹੋਈ ਹੈ। ਇਸ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ। ਜਦੋਂ ਲੌਕਡਾਊਨ ਦੌਰਾਨ ਸੜਕਾਂ 'ਤੇ ਲਗਭਗ ਕੋਈ ਟ੍ਰੈਫਿਕ ਨਹੀਂ ਸੀ, ਉਸ ਸਮੇਂ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਦੇਣ ਵਾਲੇ ਪ੍ਰਵਾਸੀ ਮਜ਼ਦੂਰ ਹੀ ਹੋ ਸਕਦੇ ਹਨ, ਕਿਉਂਕਿ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਜੋ ਇਨ੍ਹਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸੀ -
ਲੋਕ ਸਭਾ ਦੇ ਜਵਾਬ ਵਿੱਚ, ਸੜਕ ਆਵਾਜਾਈ ਮੰਤਰਾਲੇ ਨੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅੰਕੜਿਆਂ ਦੇ ਅਧਾਰ ਤੇ ਜਾਣਕਾਰੀ ਵੀ ਪ੍ਰਦਾਨ ਕੀਤੀ ਕਿ ਤਾਲਾਬੰਦੀ ਦੌਰਾਨ ਪੈਦਲ ਯਾਤਰੀਆਂ ਸਣੇ 1.06 ਕਰੋੜ ਤੋਂ ਵੱਧ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ ਘਰਾਂ ਨੂੰ ਪਰਤ ਗਏ ਸੀ।
ਸੰਕੇਤਕ ਤਸਵੀਰ
ਹਾਲਾਂਕਿ, ਇਸ ਦੌਰਾਨ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਭਾਰਤ ਵਿਚ ਪਿਛਲੇ ਸਾਲਾਂ ਦੌਰਾਨ ਸੜਕ ਹਾਦਸਿਆਂ ਵਿਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਸਾਲਾਨਾ 1.5 ਲੱਖ ਤੱਕ ਹੈ। ਯਾਨੀ ਔਸਤਨ, ਇਕ ਮਹੀਨੇ ਵਿਚ 12,000 ਮੌਤਾਂ ਸੜਕ ਹਾਦਸਿਆਂ ਵਿਚ ਹੁੰਦੀਆਂ ਹਨ। ਇਸ ਪ੍ਰਸੰਗ ਵਿੱਚ, ਜੇ ਤੁਸੀਂ 4 ਮਹੀਨਿਆਂ ਦੇ ਅੰਕੜੇ ਨੂੰ ਵੇਖਦੇ ਹੋ, ਤਾਂ ਇਹ ਅੰਕੜੇ 45 ਤੋਂ 50 ਹਜ਼ਾਰ ਮੌਤਾਂ ਤੱਕ ਹੋ ਸਕਦੇ ਹਨ, ਪਰ ਇਸ ਵੇਲੇ ਸਰਕਾਰ ਦੇ ਦਿੱਤੇ ਅੰਕੜੇ 29,000 ਮੌਤਾਂ ਦਾ ਜ਼ਿਕਰ ਕਰਦੇ ਹਨ।