ਸੋਮਵਾਰ ਨੂੰ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ 71 ਰੁਪਏ 77 ਪੈਸੇ ਤੇ ਡੀਜ਼ਲ 66 ਰੁਪਏ 64 ਪੈਸੇ ਫ਼ੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਜਾਣਕਾਰਾਂ ਮੁਤਾਬਕ ਕੌਮਾਂਤਰੀ ਤੇਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਏਂਜਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਸੀਡੈਂਟ ਅਨੁਜ ਗੁਪਤਾ ਨੇ ਕਿਹਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਲੋਕ ਸਭਾ ਚੋਣਾਂ ਦੌਰਾਨ ਤੇਲ ਵੰਡ ਕੰਪਨੀਆਂ ਨੇ ਪੈਟਰੋਲਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਕਾਬੂ ਰੱਖਿਆ ਹੋਇਆ ਸੀ ਪਰ ਹੁਣ ਘਾਟਾ ਪੂਰਾ ਕਰਨ ਲਈ ਕੀਮਤਾ ਵਧਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।
ਗੁਪਤਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਚੋਣਾਂ ਖ਼ਤਮ ਹੋਣ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੰਨ ਤੋਂ ਚਾਰ ਰੁਪਏ ਪ੍ਰਤੀ ਲੀਟਰ ਤਕ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤਕ ਇੱਕ ਰੁਪਿਆ ਫ਼ੀ ਲੀਟਰ ਦੇ ਭਾਅ ਨਹੀਂ ਵਧਿਆ ਹੈ, ਜ਼ਾਹਰ ਹੈ ਕਿ ਵਾਧੇ ਦਾ ਇਹ ਸਿਲਸਿਲਾ ਜਾਰੀ ਰਹੇਗਾ।
ਕੌਮਾਂਤਰੀ ਬਾਜ਼ਾਰ ਵਿੱਚ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਕੱਚੇ ਤੇਲ ਦੀ ਕੀਮਤ 68.69 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਈ ਸੀ ਜਦਕਿ ਪਿਛਲੇ 15 ਦਿਨਾਂ ਦੌਰਾਨ ਇਸ ਦੀ ਕੀਮਤ 70 ਡਾਲਰ ਤੋਂ ਵੱਧ ਬਣਿਆ ਹੋਇਆ ਹੈ।