ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗੁਮਸ਼ੁਦਾ ਬੱਚੀ ਨੂੰ ਪੁਲਿਸ ਨੇ ਗੂਗਲ ਮੈਪ ਦੀ ਮਦਦ ਨਾਲ ਉਸ ਦੇ ਘਰ ਤੱਕ ਛੱਡਿਆ। ਸੱਤ ਸਾਲ ਦੀ ਬੱਚੀ ਆਪਣੇ ਮਾਂ-ਪਿਓ ਨਾਲ ਸ਼ਾਦੀ 'ਚ ਸ਼ਾਮਲ ਹੋਣ ਲਈ ਦਿੱਲੀ ਦੇ ਮਾਲਵੀਆ ਨਗਰ ਆਈ ਸੀ ਪਰ ਬੱਚੀ ਖੇਡਦੇ-ਖੇਡਦੇ ਬਾਹਰ ਚਲੀ ਗਈ ਤੇ ਗੁੰਮ ਹੋ ਗਈ।


ਦਰਅਸਲ ਇਹ ਬੱਚੀ ਦਿੱਲੀ ਪੁਲਿਸ ਦੇ ਕਾਂਸਟੇਬਲ ਵਿਕਰਮ ਨੂੰ ਰਸਤੇ 'ਚ ਮਿਲੀ ਸੀ। ਇਸ ਤੋਂ ਬਾਅਦ ਉਹ ਇਸ ਨੂੰ ਪੁਲਿਸ ਸਟੇਸ਼ਨ ਲੈ ਗਏ। ਇਲਾਕੇ ਦੇ ਡੀਸੀਪੀ ਰੋਮਿਲ ਬਾਨਿਆ ਨੇ ਦੱਸਿਆ ਕਿ ਬੱਚੀ ਨੂੰ ਆਪਣੇ ਪਿਓ ਦਾ ਐਡ੍ਰੈਸ ਨਹੀਂ ਪਤਾ ਸੀ। ਉਸ ਨੂੰ ਬੱਸ ਇੰਨਾ ਪਤਾ ਸੀ ਕਿ ਉਹ ਘਰਦਿਆਂ ਨਾਲ ਮਾਲਵੀਆ ਨਗਰ 'ਚ ਵਿਆਹ 'ਚ ਆਈ ਸੀ। ਬੱਚੀ ਨੇ ਦੱਸਿਆ ਕਿ ਉਹ ਚਾਰ ਘੰਟਿਆਂ 'ਚ ਦਿੱਲੀ ਪੁੱਜੇ ਸਨ।

ਪੁਲਿਸ ਨੇ ਦਿੱਲੀ ਤੋਂ ਦੂਰੀ ਦੇ ਹਿਸਾਬ ਨਾਲ ਸ਼ਹਿਰਾਂ ਦਾ ਪਤਾ ਕੀਤਾ ਤੇ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਇਸ ਤੋਂ ਪਤਾ ਲੱਗਿਆ ਕਿ ਉਹ ਪੱਛਮੀ ਉੱਤਰ ਪ੍ਰਦੇਸ਼ ਜਾਂ ਉਤਰਾਖੰਡ ਤੋਂ ਆਈ ਹੈ। ਬਾਅਦ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਮੇਰਠ ਤੋਂ ਆਈ ਹੈ। ਬੱਚੀ ਨੇ ਦੱਸਿਆ ਸੀ ਕਿ ਉਸ ਦੇ ਘਰ ਦੇ ਨੇੜੇ ਇੱਕ ਤਲਾਬ ਹੈ।

ਪੁਲਿਸ ਨੇ ਗੂਗਲ ਮੈਪਸ ਦੀ ਮਦਦ ਨਾਲ ਅਜਿਹੇ ਪਿੰਡ ਲੱਭੇ ਜਿਨ੍ਹਾਂ ਦੇ ਨੇੜੇ-ਤੇੜੇ ਤਲਾਬ ਹੋਵੇ। ਅਜਿਹੇ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਬੱਚੀ ਦਾ ਪਿੰਡ ਲੱਭ ਗਿਆ ਤੇ ਉਸ ਨੂੰ ਘਰ ਛੱਡ ਦਿੱਤਾ ਗਿਆ।