ਨਵੀਂ ਦਿੱਲੀ: ਨਵੰਬਰ 2008 ਨੂੰ ਮੁੰਬਈ ਵਿੱਚ ਹੋਏ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਸ਼ਘਾੜਾ ਹਾਫ਼ਿਜ਼ ਸਈਦ ਆਉਂਦੇ ਵਰ੍ਹੇ ਪਾਕਿਸਤਾਨ ਵਿੱਚ ਹੋਣ ਵਾਲੀਆਂ ਆਮ ਚੋਣਾਂ ਲੜਨ ਜਾ ਰਿਹਾ ਹੈ।


ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰਾਂ ਮੁਤਾਬਕ ਬੀਤੇ ਸ਼ਨੀਵਾਰ ਹਾਫ਼ਿਜ਼ ਸਈਦ ਨੇ ਲਾਹੌਰ ਵਿੱਚ ਪੱਤਰਕਾਰਾਂ ਸਾਹਮਣੇ ਆਉਂਦੀ ਪਾਕਿ ਅਸੈਂਬਲੀ ਚੋਣ ਲੜਨ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਹਾਫ਼ਿਜ਼ ਸਈਦ 'ਤੇ ਅਮਰੀਕੀ ਸਟੇਟ ਵਿਭਾਗ ਨੇ 10 ਮਿਲੀਅਨ ਡਾਲਰ ਦਾ ਇਨਾਮ ਵੀ ਐਲਾਨਿਆ ਹੈ। ਇਹ ਇਨਾਮ ਉਸ ਦੀਆਂ ਅੱਤਵਾਦ ਨੂੰ ਸ਼ਹਿ ਦੇਣ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਲਈ ਉਸ ਦੀ ਗ੍ਰਿਫਤਾਰੀ ਦੇ ਏਵਜ਼ ਵਿੱਚ 2012 ਨੂੰ ਰੱਖਿਆ ਗਿਆ ਸੀ।

ਬੀਤੇ ਹਫ਼ਤੇ ਤਕ ਸਈਦ ਆਪਣੇ ਘਰ ਵਿੱਚ ਹੀ ਨਜ਼ਰਬੰਦ ਸੀ ਪਰ ਪਾਕਿਸਤਾਨ ਨੇ ਉਸ ਨੂੰ ਆਜ਼ਾਦ ਕਰ ਦਿੱਤਾ ਹੈ। ਇਸ ਤੋਂ ਬਾਅਦ ਹਾਫ਼ਿਜ਼ ਸਈਦ ਦੀਆਂ ਗਤੀਵਿਧੀਆਂ ਵੀ ਵਧ ਗਈਆਂ ਹਨ। ਉਹ ਰਿਹਾਅ ਹੋਣ ਤੋਂ ਕੁਝ ਹੀ ਦਿਨਾਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੀ ਗਿਆ ਸੀ।

ਉਸ ਦੀ ਰਿਹਾਈ ਤੋਂ ਬਾਅਦ ਭਾਰਤ ਤੇ ਅਮਰੀਕਾ ਨੇ ਕਾਫੀ ਵਿਰੋਧ ਤੇ ਚਿੰਤਾ ਜਤਾਈ ਸੀ। ਅਮਰੀਕਾ ਨੇ ਵੀ ਪਾਕਿਸਤਾਨ ਨੂੰ ਸਈਦ ਨੂੰ ਮੁੜ ਗ੍ਰਿਫਤਾਰ ਕਰਨ ਦੀ ਨਸੀਹਤ ਦਿੱਤੀ ਹੈ।