ਨਵੀਂ ਦਿੱਲੀ: ਆਏ ਦਿਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਅਜੀਬੋ- ਗਰੀਬ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇੱਕ ਅਜਿਹੀ ਹੀ ਖ਼ਬਰ ਚੀਨ ਤੋਂ ਮਿਲੀ ਹੈ, ਜਿਸ ਨੂੰ ਜਾਨਣ ਤੋਂ ਬਾਅਦ ਸਾਰੇ ਹੈਰਾਨ ਰਹਿ ਜਾਣਗੇ। ਦਰਅਸਲ, ਇਹ ਘਟਨਾ ਚਾਈਨਾ ਦੇ ਇੱਕ ਏਅਰਪੋਰਟ ਦੀ ਹੈ ਜਿੱਥੇ ਇੱਕ ਮੁਸਾਫ਼ਰ ਦੇ ਸਾਮਾਨ ਵਿੱਚ ਅਨੇਕਾਂ ਹੀ ਕਾਕਰੋਚ ਮੌਜੂਦ ਸਨ।
ਸਥਾਨਕ ਮੀਡਿਆ ਰਿਪੋਰਟਾਂ ਅਨੁਸਾਰ , ਇਹ ਘਟਨਾ ਬੀਤੇ 25 ਨਵੰਬਰ ਨੂੰ ਵਾਪਰੀ ਹੈ। ਹਵਾਈ ਅੱਡੇ ਦਾ ਅਮਲਾ ਇੱਕ ਬਜ਼ੁਰਗ ਜੋੜੇ ਦੇ ਸਾਮਾਨ ਦੀ ਜਾਂਚ ਕਰਨ ਸਮੇਂ ਅਣਗਿਣਤ ਜ਼ਿੰਦਾ ਕਾਕਰੋਚਾਂ ਨੂੰ ਦੇਖਣ ਦੇ ਬਾਅਦ ਚੌਂਕ ਗਏ। ਇਨ੍ਹਾਂ ਕਾਕਰੋਚਾਂ ਨੂੰ ਵੇਖ ਕੇ ਉੱਥੇ ਮੌਜੂਦ ਇੱਕ ਮਹਿਲਾ ਕਰਮੀ ਰੋਣ ਹੀ ਲੱਗ ਪਈ।
ਜਾਣਕਾਰੀ ਮੁਤਾਬਕ, ਗੁਆਂਗਡੋਂਗ ਸੂਬੇ ਦੇ ਬਾਊਨ ਕੌਮਾਂਤਰੀ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀ ਨੇ ਜਦੋਂ ਇਸ ਜੋੜੇ ਦੇ ਬੈਗ ਦੀ ਐਕਸਰੇਅ ਮਸ਼ੀਨ ਨਾਲ ਜਾਂਚ ਕੀਤੀ, ਤਦ ਉਨ੍ਹਾਂ ਦੇ ਸਾਮਾਨ ਵਿੱਚ ਕਾਕਰੋਚਾਂ ਨੂੰ ਵੇਖਿਆ ਗਿਆ।
ਇੱਕ ਸੁਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ, "ਉਹ ਇੱਕ ਬਾਲਟੀ ਲਿਜਾ ਰਹੇ ਸਨ, ਪਰ ਜਦੋਂ ਐਕਸਰੇਅ ਮਸ਼ੀਨ ਵਿੱਚ ਉਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ ਗਈ, ਤਦ ਇਹ ਕਾਕਰੋਚ ਵਿਖਾਈ ਦਿੱਤੇ।" ਉਨ੍ਹਾਂ ਕਿਹਾ ਕਿ ਸਾਡੇ ਸਟਾਫ ਵਿੱਚੋਂ ਇੱਕ ਨੇ ਉਨ੍ਹਾਂ ਦਾ ਸਾਮਾਨ ਖੋਲਿਆ ਅਤੇ ਕਾਕਰੋਚ ਨੂੰ ਵੇਖ ਚੀਕਣ ਲੱਗ ਪਿਆ। ਹਵਾਈ ਅੱਡੇ ਦੇ ਸੁਰੱਖਿਆ ਅਮਲੇ ਨੇ ਉਨ੍ਹਾਂ 'ਤੇ ਬਣਦੀ ਕਾਰਵਾਈ ਵੀ ਕੀਤੀ।