Delhi News: ਦੱਖਣੀ ਦਿੱਲੀ ਦੇ ਅਰਬਿੰਦੋ ਕਾਲਜ ਨੇੜੇ ਇੱਕ ਮੁੰਡੇ ਨੇ ਇੱਕ ਕੁੜੀ 'ਤੇ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਲੜਕਾ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਲੜਕੀ ਦੇ ਕਤਲ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਮਲਾ ਨਹਿਰੂ ਕਾਲਜ ਦੀ ਵਿਦਿਆਰਥਣ ਸੀ। ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 24 ਘੰਟਿਆਂ ਦੇ ਅੰਦਰ ਇਹ ਦੂਜਾ ਕਤਲ ਹੋਇਆ ਹੈ। ਬੀਤੀ ਰਾਤ ਦੱਖਣੀ-ਪੱਛਮੀ ਦਿੱਲੀ ਦੇ ਡਾਬਰੀ ਇਲਾਕੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।


ਦਿੱਲੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਬਿੰਦੋ ਕਾਲਜ ਨੇੜੇ ਵਿਜੇ ਮੰਡਲ ਪਾਰਕ ਸ਼ਿਵਾਲਿਕ ਏ ਬਲਾਕ ਵਿੱਚ ਇੱਕ ਮੁੰਡਾ ਇੱਕ ਕੁੜੀ ਦਾ ਕਤਲ ਕਰਕੇ ਫਰਾਰ ਹੋ ਗਿਆ। ਉੱਥੇ ਹੀ ਕੁੜੀ ਦੀ ਲਾਸ਼ ਕੋਲ ਲੋਹੇ ਦੀ ਰਾਡ ਪਈ ਮਿਲੀ ਹੈ। ਲੜਕੀ ਦੀ ਉਮਰ 25 ਸਾਲ ਹੈ। ਇਸ ਘਟਨਾ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਰਾਤ 12.08 ਵਜੇ ਵਿਜੇ ਮੰਡਲ ਪਾਰਕ ਤੋਂ ਇੱਕ ਕਾਲ ਰਾਹੀਂ ਮਿਲੀ ਸੀ। ਕਾਲ ਰਾਹੀਂ ਪੁਲਿਸ ਨੂੰ ਦੱਸਿਆ ਗਿਆ ਕਿ ਪਾਰਕ 'ਚ ਇਕ ਲੜਕੀ ਦੀ ਲਾਸ਼ ਪਈ ਹੈ।


ਜਾਣਕਾਰੀ ਮਿਲਦਿਆਂ ਹੀ ਸਥਾਨਕ ਥਾਣਾ ਪੁਲਿਸ ਅਤੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਵਿਜੇ ਮੰਡਲ ਪਾਰਕ ਵਿੱਚ ਬੈਂਚ ਦੇ ਹੇਠਾਂ ਤੋਂ ਬਰਾਮਦ ਕੀਤੀ। ਮੌਕੇ 'ਤੇ ਮ੍ਰਿਤਕ ਲੜਕੀ ਦੇ ਸਿਰ 'ਚੋਂ ਖੂਨ ਵਗ ਰਿਹਾ ਸੀ ਅਤੇ ਸਿਰ ਦੇ ਆਲੇ-ਦੁਆਲੇ ਖੂਨ ਹੀ ਖੂਨ ਪਿਆ ਹੋਇਆ ਸੀ। ਪੁਲਿਸ ਨੂੰ ਮ੍ਰਿਤਕ ਲੜਕੀ ਦੀ ਲਾਸ਼ ਨੇੜੇ ਲੋਹੇ ਦੀ ਰਾਡ ਵੀ ਮਿਲੀ ਹੈ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


ਫਿਲਹਾਲ ਥਾਣਾ ਸਦਰ ਦੀ ਪੁਲਿਸ ਦੋਸ਼ੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਦੱਖਣੀ ਪੱਛਮੀ ਦਿੱਲੀ ਦੇ ਡਾਬਰੀ ਇਲਾਕੇ 'ਚ ਰੇਣੂ ਨਾਂ ਦੀ 42 ਸਾਲਾ ਔਰਤ ਨੂੰ 30 ਸਾਲਾ ਨੌਜਵਾਨ ਆਸ਼ੀਸ਼ ਨੇ ਉਸ ਦੇ ਘਰ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਆਸ਼ੀਸ਼ ਅਤੇ ਰੇਣੂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਦੋਵੇਂ ਕੁਝ ਸਾਲ ਪਹਿਲਾਂ ਇੱਕੋ ਜਿੰਮ ਵਿੱਚ ਜਾਂਦੇ ਸਨ। ਹਮਲੇ ਤੋਂ ਬਾਅਦ ਰੇਣੂ ਗੋਇਲ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।