ਪਣਜੀ: ਗੋਆ ਸਰਕਾਰ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਤੇ ਕੰਟਰੋਲ ਲਈ ਸੂਬੇ 'ਚ ਦਸ ਦਿਨ ਦੇ ਨਾਈਟ ਕਰਫਿਊ ਦਾ ਐਲਾਨ ਕੀਤਾ ਹੈ। ਕਰਫਿਊ ਬੁੱਧਵਾਰ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਰਸੈਟੋਰੈਂਟ, ਸਿਨੇਮਾਘਰ ਤੇ ਜੂਆਘਰਾਂ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਸੂਬਾ ਸਰਕਾਰ ਨੇ ਗੋਆ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਵੀ ਐਲਾਨ ਕੀਤਾ ਹੈ।
ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ ਕਿਹਾ ਕਿ ਨਾਈਟ ਕਰਫਿਊ 21 ਅਪ੍ਰੈਲ ਤੋਂ ਲਾਗੂ ਹੋਵੇਗਾ। ਇਹ ਰਾਤ 10 ਵਜੇ ਤੋਂ ਸਵੇਰ 6 ਵਜੇ ਤਕ ਲਾਗੂ ਰਿਹਾ ਕਰੇਗਾ। ਉਨ੍ਹਾਂ ਕਿਹਾ ਇਸ ਦੌਰਾਨ ਪੈਟਰੋਲ ਪੰਪ, ਦਵਾਈ ਦੀਆਂ ਦੁਕਾਨਾਂ ਤੇ ਹੋਰ ਜ਼ਰੂਰੀ ਸੇਵਾਵਾਂ ਦਾ ਸੰਚਾਲਨ ਜਾਰੀ ਰਹੇਗਾ।
ਸਾਵੰਤ ਨੇ ਕਿਹਾ ਨਾਈਟ ਕਰਫਿਊ ਦੌਰਾਨ ਸਿਰਫ ਜ਼ਰੂਰੀ ਵਸਤੂਆਂ ਦੀ ਢੋਅ ਢੁਆਈ 'ਚ ਲੱਗੇ ਕਮਰਸ਼ੀਅਲ ਵਾਹਨਾਂ ਨੂੰ ਹੀ ਆਵਾਜਾਈ ਦੀ ਇਜਾਜ਼ਤ ਹੋਵੇਗੀ। ਨਾਈਟ ਕਰਫਿਊ ਤੇ ਹੋਰ ਪਾਬੰਦੀਆਂ 30 ਅਪ੍ਰੈਲ ਤਕ ਲਾਗੂ ਰਹਿਣਗੀਆਂ।
ਦੇਸ਼ 'ਚ ਹੁਣ ਤਕ 13 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੱਗੀ ਵੈਕਸੀਨ
ਸਿਹਤ ਸਕੱਤਰ ਨੇ ਦੱਸਿਆ ਕਿ ਦੇਸ਼ 'ਚ ਹੁਣ ਤਕ 13 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਜਿੰਨ੍ਹਾਂ 'ਚ 30 ਲੱਖ ਲੋਕਾਂ ਨੂੰ ਪਿਛਲੇ 24 ਘੰਟੇ ਦੌਰਾਨ ਟੀਕਾ ਲਾਇਆ ਗਿਆ। ਹੁਣ ਤਕ 87 ਫੀਸਦ ਸਿਹਤ ਕਰਮੀਆਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਦਵਾਈ ਦੁਕਾਨਾਂ 'ਚ ਨਹੀਂ ਮਿਲੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਸੂਬਿਆਂ ਨੂੰ ਵੈਕਸੀਨ ਦਿੰਦੀ ਰਹੇਗੀ। ਪਰ ਸਰਕਾਰੀ ਵੈਕਸੀਨੇਸ਼ਨ ਸੈਂਟਰ 'ਤੇ ਹੀ ਟੀਕਾ ਮਿਲੇਗਾ। ਮੰਤਰਾਲੇ ਵੱਲੋਂ ਅੱਗੇ ਦੱਸਿਆ ਗਿਆ ਕਿ ਵੈਕਸੀਨ ਲੈਣ ਲਈ ਸਾਰੇ ਲੋਕਾਂ ਨੂੰ ਕੋਵਿਨ-ਐਪ 'ਤੇ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :