COVID-19: ਕੋਰੋਨਾ ਵਾਇਰਸ ਨੂੰ ਲੈ ਕੇ ਨਿੱਤ ਨਵੇਂ-ਨਵੇਂ ਸਰਵੇਖਣ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ’ਚ ਤੇਜ਼ੀ ਨਾਲ ਆਪਣਾ ਅਸਰ ਵਿਖਾਇਆ ਹੈ। ਹਰ ਰੋਜ਼ ਛੂਤਗ੍ਰਸਤ ਲੋਕਾਂ ਦਾ ਅੰਕੜਾ ਵਧ ਰਿਹਾ ਹੈ। ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਇਹੋ ਕਾਰਣ ਹੈ ਕਿ ਲੋਕ ਕੋਰੋਨਾ ਵਾਇਰਸ ਦੀ ਲਾਗ ਤੋਂ ਬਹੁਤ ਬੁਰੀ ਤਰ੍ਹਾਂ ਡਰੇ ਹੋਏ ਹਨ। ਉਂਝ ਬਹੁਤ ਸਾਰੇ ਮਰੀਜ਼ ਘਰ ’ਚ ਰਹਿ ਕੇ ਹੀ ਠੀਕ ਹੋ ਰਹੇ ਹਨ।

ਅਜਿਹੇ ਹਾਲਾਤ ਵਿੱਚ ਲੋਕਾਂ ਨੂੰ ਵਾਇਰਸ ਦੇ ਅਸਰ ਤੋਂ ਨਿੱਕਲਣ ਵਿੱਚ ਕਾਫ਼ੀ ਵਕਤ ਲੱਗ ਰਿਹਾ ਹੈ। ਹੁਣ ਇੱਕ ਨਵੇਂ ਸਰਵੇਖਣ ’ਚ ਆਖਿਆ ਗਿਆ ਹੈ ਕਿ ਕੋਰੋਨਾ ਤੋਂ ਠੀਕ ਹੋਣ ਦੇ ਬਾਵਜੁਦ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਹੁਣ ਅਜਿਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਇੱਕ ਨਵੇਂ ਅਧਿਐਨ ਮੁਤਾਬਕ ਜਿਹੜੇ ਕੋਰੋਨਾ ਮਰੀਜ਼ ਹਸਪਤਾਲਾਂ ’ਚ ਭਰਤੀ ਨਹੀਂ ਹੋਏ, ਉਨ੍ਹਾਂ ਨੂੰ ਗੰਭੀਰ ਮਰੀਜ਼ਾਂ ਦੇ ਮੁਕਾਬਲੇ ਰੀਕਵਰੀ ਤੋਂ ਬਾਅਦ ਘੱਟ ਪਰੇਸ਼ਾਨੀਆਂ ਹੋ ਰਹੀਆਂ ਹਨ। ਮੈਡੀਕਲ ਜਰਨਲ ‘ਦਿ ਲੈਂਸੈਂਟ’ ਦੀ ਇੱਕ ਸਟੱਡੀ ਵਿੱਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਦੇ ਹਲਕੇ ਲੱਛਣਾਂ ਵਾਲੇ ਮਰੀਜ਼ ਭਾਵ ਜੋ ਘਰ ’ਚ ਰਹਿ ਕੇ ਹੀ ਰੀਕਵਰ ਕਰ ਗਏ ਹਨ, ਉਨ੍ਹਾਂ ਵਿੱਚ ਵਾਇਰਸ ਦੇ ਲੌਂਗ ਟਰਮ ਗੰਭੀਰ ਅਸਰ ਘੱਟ ਵੇਖਣ ਨੂੰ ਮਿਲ ਰਹੇ ਹਨ।

 

ਇਸ ਖੋਜ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਹਸਪਤਾਲ ਵਿੱਚ ਭਰਤੀ ਨਾ ਹੋਣ ਵਾਲੇ ਭਾਵ ਘਰ ’ਚ ਰਹਿ ਕੇ ਹੀ ਠੀਕ ਹੋਣ ਵਾਲੇ ਕੋਰੋਨਾ ਦੇ ਮਰੀਜ਼ਾਂ ਵਿੱਚ ਗੰਭੀਰ ਦੀਰਘਕਾਲੀ ਪ੍ਰਭਾਵ ਦਾ ਖ਼ਤਰਾ ਘੱਟ ਦਿਸਿਆ ਹੈ। ਭਾਵਗੇਂ ਅਜਿਹੇ ਲੋਕਾਂ ਨੂੰ ਹਲਕੇ ਕੋਵਿਡ ਦੇ ਆਫ਼ਟਰ-ਇਫ਼ੈਕਟਸ ਤੋਂ ਪਰੇਸ਼ਾਨ ਰਹਿਣਾ ਪੈ ਸਕਦਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਵਾਰ-ਵਾਰ ਡਾਕਟਰ ਕੋਲ ਜਾਣ ਦੀ ਜ਼ਰੂਰਤ ਪੈ ਸਕਦੀ ਹੈ।

 
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਘਰ ਅੰਦਰ ਰਹਿ ਕੇ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਅੱਗੇ ਚੱਲ ਕੇ ਕੋਈ ਗੰਭੀਰ ਬੀਮਾਰੀ ਦਾ ਖ਼ਤਰਾ ਨਹੀਂ ਹੈ। ਪਰ ਅਜਿਹੇ ਮਰੀਜ਼ਾਂ ਵਿੱਚ ਕੁਝ ਸਮੇਂ ਬਾਅਦ ਥ੍ਰੋਂਬੋਐਂਬੋਲਿਜ਼ਮ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਨੂੰ ਠੀਕ ਹੋਣ ਵਿੱਚ 2 ਹਫ਼ਤਿਆਂ ਤੋਂ ਲੈ ਕੇ 6 ਮਹੀਨੇ ਬਾਅਦ ਤੱਕ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਉਨ੍ਹਾਂ ਨੂੰ ਬ੍ਰੋਂਕੋਡਾਇਲੇਟਰ ਥੈਰਾਪੀ ਤੋਂ ਲੈ ਕੇ ਡਿਸਪਨੋਈਆ (ਸਾਹ ਲੈਣ ਵਿੱਚ ਔਖ) ਤੱਕ ਦੀ ਪਰੇਸ਼ਾਨੀ ਹੋ ਸਕਦੀ ਹੈ।

 

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਠੀਕ ਹੋ ਰਹੇ ਮਰੀਜ਼ਾਂ ਵਿੱਚ ਕਈ ਤਰ੍ਹਾਂ ਦੇ ਆਫ਼ਟਰ-ਇਫ਼ੈਕਟਸ ਸਾਹਮਣੇ ਆ ਰਹੇ ਹਨ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਹਾਰਟ, ਕਿਡਨੀ, ਲਿਵਰ ਤੇ ਨਿਊਰੋਲੌਜੀਕਲ ਪਰੇਸ਼ਾਨੀਆਂ ਆ ਰਹੀਆਂ ਹਨ। ਇਹ ਵਾਇਰਸ ਸਰੀਰ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦਾ ਲੱਛਣ ਛੱਡ ਰਿਹਾ ਹੈ; ਜਿਸ ਵਿੱਚੋਂ ਠੀਕ ਹੋਣ ’ਚ ਮਰੀਜ਼ ਨੂੰ ਕਾਫ਼ੀ ਵਕਤ ਲੱਗ ਸਕਦਾ ਹੈ। ਮਰੀਜ਼ਾਂ ਵਿੱਚ ਕਮਜ਼ੋਰੀ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਮਾਨਸਿਕ ਬੀਮਾਰੀਆਂ ਵੀ ਲੱਗ ਰਹੀਆਂ ਹਨ।