ਨਵੀਂ ਦਿੱਲੀ: ਦਿੱਲੀ ਤੋਂ ਲੁਧਿਆਣਾ ਲਈ ਹੁਣ ਯਾਤਰੀ ਥੋੜ੍ਹੇ ਸਮੇਂ ਵਿੱਚ ਹੀ ਸਫ਼ਰ ਤੈਅ ਕਰ ਸਕਣਗੇ, ਕਿਉਂਕਿ ਇਸ ਰੂਟ 'ਤੇ ਜ਼ਿਆਦਾਤਰ ਰੇਲ ਗੱਡੀਆਂ ਹੁਣ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਨਗੀਆਂ। ਉੱਤਰ ਰੇਲਵੇ ਦੇ ਜਨਰਲ ਮੈਨੇਜਰ ਨੂੰ ਇਸ ਦਾ ਪ੍ਰਸਤਾਵ ਭੇਜਿਆ ਗਿਆ ਹੈ। ਮਨਜ਼ੂਰੀ ਤੋਂ ਬਾਅਦ ਰੇਲ ਗੱਡੀਆਂ ਦੀ ਗਤੀ ਵਧਾ ਦਿੱਤੀ ਜਾਵੇਗੀ।


ਦੱਸਿਆ ਜਾ ਰਿਹਾ ਹੈ ਕਿ ਭਾਰਤੀ ਰੇਲਵੇ 'ਮਿਸ਼ਨ ਰਫ਼ਤਾਰ' ਦੇ ਤਹਿਤ ਰੇਲਵੇ ਟ੍ਰੈਕ ਤੇ ਰੇਲ ਦੀ ਵੱਧ ਤੋਂ ਵੱਧ ਗਤੀ ਵਧਾ ਰਿਹਾ ਹੈ। ਇਸ ਤਹਿਤ ਦਿੱਲੀ-ਅੰਬਾਲਾ-ਲੁਧਿਆਣਾ ਦਰਮਿਆਨ ਐਲਐਚਬੀ ਕੋਚ ਵਾਲੀਆਂ ਰੇਲ ਗੱਡੀਆਂ ਨੂੰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਉਣ ਦੀ ਤਿਆਰੀ ਹੈ। ਫਿਲਹਾਲ ਇਸ ਰੂਟ 'ਤੇ ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਇਸ ਰਫਤਾਰ ਨਾਲ ਚੱਲਦੀ ਹੈ। ਹੁਣ ਹੋਰ ਰੇਲ ਗੱਡੀਆਂ ਵੀ ਇਸੇ ਰਫ਼ਤਾਰ ਨਾਲ ਚੱਲਣਗੀਆਂ।


ਜਾਣਕਾਰੀ ਮੁਤਾਬਕ ਦਿੱਲੀ ਰੇਲਵੇ ਡਵੀਜ਼ਨ ਨੇ 26 ਜੋੜੀ ਰੇਲ ਗੱਡੀਆਂ ਦੀ ਸਪੀਡ ਵਧਾਉਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਐਲਐਚਬੀ ਕੋਚ ਲਾਏ ਗਏ ਹਨ। ਇਨ੍ਹਾਂ ਵਿੱਚ ਇਕ ਰਾਜਧਾਨੀ, ਛੇ ਸ਼ਤਾਬਦੀ, 19 ਸੁਪਰਫਾਸਟ ਤੇ ਐਕਸਪ੍ਰੈਸ ਰੇਲ ਗੱਡੀਆਂ ਸ਼ਾਮਲ ਹਨ। ਫਿਲਹਾਨ ਇਨ੍ਹਾਂ ਰੇਲ ਗੱਡੀਆਂ ਦੀ ਵੱਧ ਤੋਂ ਵੱਧ ਗਤੀ 110 ਕਿਲੋਮੀਟਰ ਪ੍ਰਤੀ ਘੰਟਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਫਤਾਰ ਵਧਾਉਣ ਨਾਲ ਲਗਪਗ ਅੱਧੇ ਘੰਟੇ ਦੀ ਬਚਤ ਹੋਵੇਗੀ।