ਨਵੀਂ ਦਿੱਲੀ: ਦੇਸ਼ ਦੇ ਮੌਸਮ ਦੀ ਭਵਿੱਖਬਾਣੀ ਕਰਨ ਲਈ ਸਰਕਾਰ ਹੁਣ ਹੋਰ ਜ਼ਿਆਦਾ ਹਾਈਟੈਕ ਤਰੀਕਿਆਂ ਦਾ ਇਸਤੇਮਾਲ ਕਰੇਗੀ। ਇਸ ਤਹਿਤ 250 ਕਰੋੜ ਰੁਪਏ ਦੀ ਲਾਗਤ ਨਾਲ ਇਕ ਅਜਿਹਾ ਜਹਾਜ਼ ਖਰੀਦਣ ਦੀ ਤਿਆਰੀ ਹੈ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਬਾਰੇ ਸਟੀਕ ਭਵਿੱਖਬਾਣੀ ਕਰਨ 'ਚ ਮਦਦ ਕਰੇਗਾ।


ਵਿਗਿਆਨ ਅਤੇ ਤਕਨਾਲੋਜੀ ਪ੍ਰਿਥਵੀ ਵਿਗਿਆਨ ਮੰਤਰਾਲਾ ਇਹ ਜਹਾਜ਼ ਖਰੀਦਣ 'ਤੇ ਵਿਚਾਰ ਕਰ ਰਿਹਾ ਹੈ। ਇਸ ਵਿਭਾਗ ਦੇ ਮੰਤਰੀ ਡਾ.ਹਰਸ਼ਵਰਧਨ ਨੇ ਸ਼ੁੱਕਰਵਾਰ ਲੋਕਸਭਾ 'ਚ ਇਕ ਸਵਾਲ ਦੇ ਲਿਖਿਤ ਜਵਾਬ 'ਚ ਜਹਾਜ਼ ਖਰੀਦਣ ਬਾਰੇ ਜਾਣਕਾਰੀ ਦਿੱਤੀ।


ਦਰਅਸਲ ਲੋਕਸਭਾ 'ਚ ਸ਼ੁੱਕਰਵਾਰ ਇਕ ਸੰਸਦ ਮੈਂਬਰ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਮੌਸਮ ਦੀ ਭਵਿੱਖਬਾਣੀ ਨਾਲ ਸਬੰਧਤ ਪ੍ਰਯੋਗ ਕਰਨ ਲਈ ਇਕ ਖਾਸ ਜਹਾਜ਼ ਖਰੀਦਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ? ਖਰੀਦੇ ਜਾਣ ਵਾਲੇ ਵਿਸ਼ੇਸ਼ ਜਹਾਜ਼ ਤੋਂ ਕੀ ਫਾਇਦੇ ਹੋਣਗੇ?


ਢਾਈ ਸੌ ਕਰੋੜ ਰੁਪਏ ਹੋ ਸਕਦੀ ਕੀਮਤ?


ਇਸ ਸਵਾਲ ਦਾ ਲਿਖਤੀ 'ਚ ਜਵਾਬ ਦਿੰਦਿਆਂ ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ.ਹਰਸ਼ਵਰਧਨ ਨੇ ਦੱਸਿਆ ਕਿ ਮੰਤਰਾਲਾ ਦੇਸ਼ 'ਚ ਵਾਯੂਮੰਡਲ ਪ੍ਰਕਿਰਿਆ ਅਧਿਐਨਾਂ ਲਈ ਇਕ ਉਪਕਰਨ ਯੁਕਤ ਵਿਸ਼ੇਸ਼ ਖੋਜ ਜਹਾਜ਼ ਖਰੀਦਣ 'ਤੇ ਵਿਚਾਰ ਕਰ ਰਿਹਾ ਹੈ। ਵਿਗਿਆਨਿਕ ਉਪਕਰਨਾਂ ਨਾਲ ਲੈਸ ਇਸ ਜਹਾਜ਼ ਪ੍ਰਣਾਲੀ ਦੀ ਕੀਮਤ ਢਾਈ ਸੌ ਕਰੋੜ ਰੁਪਏ ਹੋ ਸਕਦੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ